ਤਲਵੰਡੀ ਸਾਬੋ ਵਿੱਚ ਪੁਲਿਸ ਮੁਲਾਜ਼ਮ ਤੇ ਸੂਏ ਨਾਲ ਹਮਲਾ, ਜਵਾਬੀ ਗੋਲੀਬਾਰੀ ‘ਚ ਨੌਜਵਾਨ ਜ਼ਖਮੀ

ਤਲਵੰਡੀ ਸਾਬੋ ਵਿੱਚ ਪੁਲਿਸ ਮੁਲਾਜ਼ਮ ਤੇ ਸੂਏ ਨਾਲ ਹਮਲਾ, ਜਵਾਬੀ ਗੋਲੀਬਾਰੀ ‘ਚ ਨੌਜਵਾਨ ਜ਼ਖਮੀ

ਬਠਿੰਡਾ :- ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਰਵਾਈ ਦੌਰਾਨ ਇੱਕ ਪੁਲਿਸ ਮੁਲਾਜ਼ਮ ’ਤੇ ਸੂਏ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਤਲਵੰਡੀ ਸਾਬੋ-ਰਾਮਾ ਰੋਡ ’ਤੇ ਨਹਿਰ ਦੇ ਪੁਲ ਨੇੜੇ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ ਇੱਕ ਫਾਰਚੂਨਰ ਕਾਰ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ਵਿੱਚੋਂ ਦੋ ਨੌਜਵਾਨਾਂ ਕੋਲੋਂ 102 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਐਨਡੀਪੀਐਸ ਐਕਟ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ।

ਪੁਲਿਸ ਮੁਤਾਬਕ ਰਾਤ ਕਰੀਬ 10 ਵਜੇ ਇੱਕ ਨੌਜਵਾਨ ਬਿਨਾਂ ਨੰਬਰ ਪਲੇਟ ਵਾਲੇ ਬੁਲੇਟ ਮੋਟਰਸਾਈਕਲ ’ਤੇ ਮੌਕੇ ’ਤੇ ਪਹੁੰਚਿਆ। ਉਸ ਨੇ ਬਰਫ਼ ਤੋੜਨ ਵਾਲਾ ਸੂਆ ਹੱਥ ਵਿੱਚ ਫੜਿਆ ਹੋਇਆ ਸੀ ਅਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਵੱਲ ਵਧਿਆ। ਗੁਰਪ੍ਰੀਤ ਸਿੰਘ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੇ ਉਸ ’ਤੇ ਸੂਏ ਨਾਲ ਹਮਲਾ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਹਮਲੇ ਦੌਰਾਨ ਮੁਲਾਜ਼ਮ ਦੀ ਜਾਨ ਨੂੰ ਖ਼ਤਰਾ ਦੇਖਦਿਆਂ ਟੀਮ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ, ਜਿਸ ਨਾਲ ਨੌਜਵਾਨ ਜ਼ਖਮੀ ਹੋ ਗਿਆ।

ਹਮਲੇ ਵਿੱਚ ਜ਼ਖਮੀ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਗੋਲੀ ਲੱਗਣ ਕਾਰਨ ਜ਼ਖਮੀ ਨੌਜਵਾਨ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ, ਕਤਲ ਦੀ ਕੋਸ਼ਿਸ਼ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।