28 ਤੋਂ 30 ਸਤੰਬਰ ਤੱਕ ਬੈਂਕ ਹੜਤਾਲ, ਐਤਵਾਰ ਸਰਕਾਰੀ ਬੈਂਕ ਖੁੱਲ੍ਹੇ ਰਹਿਣਗੇ

28 ਤੋਂ 30 ਸਤੰਬਰ ਤੱਕ ਬੈਂਕ ਹੜਤਾਲ, ਐਤਵਾਰ ਸਰਕਾਰੀ ਬੈਂਕ ਖੁੱਲ੍ਹੇ ਰਹਿਣਗੇ

ਚੰਡੀਗੜ੍ਹ :- ਬੈਂਕ ਕਰਮਚਾਰੀਆਂ ਦੀਆਂ ਯੂਨੀਅਨਾਂ ਦੇ ਸਾਂਝੇ ਮੰਚ ਯੂਐੱਫਬੀਯੂ ਨੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਦੇਸ਼ ਪੱਧਰੀ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ ਹਫ਼ਤੇ ਵਿੱਚ 5 ਦਿਨ ਬੈਂਕ ਖੋਲ੍ਹਣ, ਪੈਨਸ਼ਨ ਵਿੱਚ ਸੁਧਾਰ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਬਦਲ ਦੇਣ ਸਮੇਤ ਹੋਰ ਮੰਗਾਂ ਸ਼ਾਮਲ ਹਨ। ਹੜਤਾਲ ਦੇ ਮੱਦੇਨਜ਼ਰ ਗਾਹਕਾਂ ਦੀ ਸਹੂਲਤ ਲਈ ਸਰਕਾਰ ਨੇ ਸਰਕਾਰੀ ਬੈਂਕਾਂ ਨੂੰ 27 ਸਤੰਬਰ, ਐਤਵਾਰ ਨੂੰ ਖੁੱਲ੍ਹਾ ਰੱਖਣ ਲਈ ਕਿਹਾ ਹੈ। ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ ਵੀ ਗਾਹਕਾਂ ਨੂੰ ਹੜਤਾਲ ਤੋਂ ਪਹਿਲਾਂ ਜ਼ਰੂਰੀ ਬੈਂਕਿੰਗ ਕੰਮ ਨਿਪਟਾਉਣ ਦੀ ਸਲਾਹ ਦਿੱਤੀ ਹੈ।

ਐੱਸਬੀਆਈ ਨੇ ਨਕਦੀ ਦੀ ਲੋੜ ਲਈ ਏਟੀਐੱਮ ਅਤੇ ਯੋਨੋ, ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਯੂਪੀਆਈ ਵਰਗੀਆਂ ਡਿਜੀਟਲ ਸੇਵਾਵਾਂ ਵਰਤਣ ਲਈ ਕਿਹਾ ਹੈ। ਬੈਂਕ ਆਫ਼ ਇੰਡੀਆ ਅਤੇ ਕਰਨਾਟਕ ਬੈਂਕ ਨੇ ਵੀ ਗਾਹਕਾਂ ਨੂੰ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਹਾਲਾਂਕਿ ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਐਕਸਿਸ ਬੈਂਕ ਅਤੇ ਇੰਡਸਇੰਡ ਬੈਂਕ ਵਰਗੇ ਨਿੱਜੀ ਬੈਂਕਾਂ ਵਿੱਚ ਹੜਤਾਲ ਕਾਰਨ ਆਮ ਕੰਮਕਾਜ ਪ੍ਰਭਾਵਿਤ ਨਹੀਂ ਹੋਵੇਗਾ। ਖੇਤਰੀ ਪੇਂਡੂ ਬੈਂਕਾਂ ਦੇ ਕਰਮਚਾਰੀ ਵੀ ਹੜਤਾਲ ਵਿੱਚ ਸ਼ਾਮਲ ਹੋਣਗੇ। ਉੱਧਰ, ਵਿੱਤ ਮੰਤਰਾਲੇ ਨੇ ਬੈਂਕ ਕਰਮਚਾਰੀਆਂ ਨੂੰ ਹੜਤਾਲ ’ਤੇ ਨਾ ਜਾਣ ਅਤੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਯੂਨੀਅਨਾਂ ਦੀਆਂ ਕਈ ਮੰਗਾਂ ਪਹਿਲਾਂ ਹੀ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।