ਬਠਿੰਡਾ :- ਬਠਿੰਡਾ ਦੇ ਮਲੋਟ ਰੋਡ ‘ਤੇ ਸੋਮਵਾਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਦਿੱਤੀਆਂ। ਥਰਮਲ ਪਲਾਂਟ ਦੇ ਸਾਹਮਣੇ ਵਾਪਰੇ ਹਾਦਸੇ ਵਿੱਚ 12 ਸਾਲਾ ਹਰਮਨ ਸਿੰਘ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਸਮੇਤ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਚੇ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ :- ਦੀਵਾਲੀ ਤੋਂ ਬਾਅਦ ਪੰਜਾਬ ਦੀ ਹਵਾ ਹੋਈ ਜ਼ਹਿਰੀਲੀ, ਮੰਡੀ ਗੋਬਿੰਦਗੜ੍ਹ ਦਾ AQI 445 ਤੱਕ ਪਹੁੰਚਿਆ
ਚਸ਼ਮਦੀਦਾਂ ਮੁਤਾਬਕ ਰਾਤ ਕਰੀਬ 8:30 ਵਜੇ ਹਰਿਆਣਾ ਨੰਬਰ ਦੀ ਕਾਰ ਮਲੋਟ ਵੱਲੋਂ ਬਠਿੰਡਾ ਆ ਰਹੀ ਸੀ। ਇਸ ਦੌਰਾਨ ਪਿੰਡ ਸਿਵੀਆਂ ਦੇ ਲਿੰਕ ਰੋਡ ਵੱਲ ਮੁੜ ਰਹੇ ਇੱਕ ਮੋਟਰਸਾਈਕਲ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਚਾਲਕ ਵਾਹਨ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਕਾਰ ਸੜਕ ਕਿਨਾਰੇ ਲੱਗੇ ਮੋਮੋਜ਼ ਦੇ ਸਟਾਲ ਵੱਲ ਜਾ ਵੜੀ।
ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਵਾਪਰਿਆ ਹਾਦਸਾ
ਬੇਕਾਬੂ ਕਾਰ ਨੇ ਸਟਾਲ ਨੇੜੇ ਖੜ੍ਹੇ ਲੋਕਾਂ ਅਤੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਹਰਮਨ ਸਿੰਘ ਦੀ ਜਾਨ ਚਲੀ ਗਈ, ਜਦਕਿ ਤਿੰਨ ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।
ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋਇਆ ਚਾਲਕ
ਹਾਦਸੇ ਤੋਂ ਬਾਅਦ ਕਾਰ ਚਾਲਕ ਵਾਹਨ ਨੂੰ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਕਾਰ ਦੀ ਰਜਿਸਟ੍ਰੇਸ਼ਨ ਨੰਬਰ HR-51-AM-2900 ਦੱਸਿਆ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਹਾਦਸੇ ਦੇ ਕਾਰਨਾਂ ਅਤੇ ਫ਼ਰਾਰ ਚਾਲਕ ਸਬੰਧੀ ਅਗਲੀ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।