ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 – ਭਾਰਤ ਦਾ ਪਹਿਲਾ ਹਾਕੀ ਮੁਕਾਬਲਾ ਬੰਗਲਾਦੇਸ਼ ਨਾਲ; 5 ਨਵੰਬਰ ਨੂੰ ਮੁਹਾਲੀ ਵਿੱਚ ਹੋਵੇਗਾ ਫਾਈਨਲ
ਜਲੰਧਰ:- ਪੰਜਾਬ ਵਿੱਚ 27 ਅਕਤੂਬਰ 2026 ਤੋਂ ਅੰਤਰਰਾਸ਼ਟਰੀ ਪੁਰਸ਼ ਹਾਕੀ ਦਾ ਵੱਡਾ ਮੁਕਾਬਲਾ ਸ਼ੁਰੂ ਹੋ ਰਿਹਾ ਹੈ। ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਨੌਵੇਂ ਐਡੀਸ਼ਨ ਵਿੱਚ ਮੇਜ਼ਬਾਨ ਭਾਰਤ ਸਮੇਤ ਏਸ਼ੀਆ ਦੀਆਂ 6 ਟੀਮਾਂ ਖ਼ਿਤਾਬ ਲਈ ਮੈਦਾਨ ਵਿਚ ਉਤਰਨਗੀਆਂ। ਟੂਰਨਾਮੈਂਟ ਦਾ ਉਦਘਾਟਨੀ ਸਮਾਗਮ ਅਤੇ ਲੀਗ ਗੇੜ ਦੇ ਸਾਰੇ ਮੈਚ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਹੋਣਗੇ। ਇਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ ਸੈਮੀਫਾਈਨਲ ਤੇ ਤਮਗ਼ਿਆਂ ਲਈ ਮੁਕਾਬਲੇ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਸਾਰੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬਾ ਇਸ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।
ਕਿਹੜੀਆਂ ਟੀਮਾਂ ਨੇ ਹਿੱਸਾ ਲਿਆ ਹਿੱਸਾ?
ਇਸ ਟੂਰਨਾਮੈਂਟ ਵਿੱਚ ਭਾਰਤ, ਮਲੇਸ਼ੀਆ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੀਆਂ ਟੀਮਾਂ ਲੀਗ ਗੇੜ ਵਿੱਚ ਇੱਕ-ਦੂਜੇ ਵਿਰੁੱਧ ਖੇਡਣਗੀਆਂ। ਹਰ ਟੀਮ ਨੂੰ 5 ਲੀਗ ਮੈਚ ਖੇਡਣੇ ਪੈਣਗੇ। ਲੀਗ ਗੇੜ ਤੋਂ ਬਾਅਦ ਅੰਕ ਸੂਚੀ ਵਿੱਚ ਸਿਖਰਲੇ 4 ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ।
ਭਾਰਤੀ ਟੀਮ ਇਸ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਵਜੋਂ ਉਤਰੇਗੀ। ਭਾਰਤ ਹੁਣ ਤੱਕ ਏਸ਼ੀਅਨ ਚੈਂਪੀਅਨਜ਼ ਟਰਾਫੀ 5 ਵਾਰ ਜਿੱਤ ਚੁੱਕਾ ਹੈ ਅਤੇ ਇਸ ਵਾਰ ਛੇਵਾਂ ਖ਼ਿਤਾਬ ਜਿੱਤ ਕੇ ਆਪਣਾ ਰਿਕਾਰਡ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗਾ।
ਅੱਜ ਦੇ ਮੈਚ ਅਤੇ ਉਦਘਾਟਨੀ ਸਮਾਗਮ ਦਾ ਸਮਾਂ
ਟੂਰਨਾਮੈਂਟ ਦੇ ਪਹਿਲੇ ਦਿਨ ਜਲੰਧਰ ਵਿੱਚ ਤਿੰਨ ਮੈਚ ਖੇਡੇ ਜਾਣਗੇ। ਭਾਰਤੀ ਟੀਮ ਸ਼ਾਮ ਨੂੰ ਫਲੱਡਲਾਈਟਾਂ ਹੇਠ ਬੰਗਲਾਦੇਸ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਦੁਪਹਿਰ 1 ਵਜੇ — ਮਲੇਸ਼ੀਆ ਬਨਾਮ ਚੀਨ
ਦੁਪਹਿਰ 3:15 ਵਜੇ — ਜਾਪਾਨ ਬਨਾਮ ਦੱਖਣੀ ਕੋਰੀਆ
ਸ਼ਾਮ 5:30 ਵਜੇ — ਉਦਘਾਟਨੀ ਸਮਾਗਮ
ਸ਼ਾਮ 7 ਵਜੇ — ਭਾਰਤ ਬਨਾਮ ਬੰਗਲਾਦੇਸ਼
ਜਲੰਧਰ ਤੋਂ ਮੁਹਾਲੀ ਤੱਕ ਹੋਣਗੇ ਮੁਕਾਬਲੇ
ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਚੱਲੇਗਾ। ਜਲੰਧਰ ਵਿੱਚ 27 ਅਕਤੂਬਰ ਤੋਂ 2 ਨਵੰਬਰ ਤੱਕ ਲੀਗ ਗੇੜ ਦੇ ਮੈਚ ਹੋਣਗੇ। 28 ਅਤੇ 31 ਅਕਤੂਬਰ ਤੇ 3 ਨਵੰਬਰ ਨੂੰ ਮੈਚ ਨਹੀਂ ਹੋਣਗੇ। 4 ਨਵੰਬਰ ਨੂੰ ਮੁਹਾਲੀ ਵਿੱਚ ਪੰਜਵੇਂ ਸਥਾਨ ਲਈ ਮੁਕਾਬਲੇ ਦੇ ਨਾਲ ਦੋ ਸੈਮੀਫਾਈਨਲ ਖੇਡੇ ਜਾਣਗੇ। 5 ਨਵੰਬਰ ਨੂੰ ਕਾਂਸੀ ਦੇ ਤਮਗ਼ੇ ਅਤੇ ਫਾਈਨਲ ਲਈ ਮੁਕਾਬਲਾ ਹੋਵੇਗਾ।
ਦੋਵਾਂ ਸਟੇਡੀਅਮਾਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਮਿਆਰਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਸ ਟੂਰਨਾਮੈਂਟ ਰਾਹੀਂ ਪੰਜਾਬ ਵਿੱਚ ਕੌਮਾਂਤਰੀ ਪੱਧਰ ਦੀ ਹਾਕੀ ਦੀ ਵਾਪਸੀ ਹੋ ਰਹੀ ਹੈ। ਹਾਕੀ ਨਾਲ ਪੰਜਾਬ ਦਾ ਲੰਮਾ ਇਤਿਹਾਸ ਰਿਹਾ ਹੈ ਅਤੇ ਸੂਬੇ ਨੇ ਦੇਸ਼ ਨੂੰ ਕਈ ਨਾਮੀ ਖਿਡਾਰੀ ਦਿੱਤੇ ਹਨ।
ਮੈਚ ਕਿੱਥੇ ਦੇਖ ਸਕੋਗੇ?
ਟੂਰਨਾਮੈਂਟ ਦੇ ਮੈਚਾਂ ਦਾ ਸਿੱਧਾ ਪ੍ਰਸਾਰਣ ਭਾਰਤ ਵਿੱਚ ਸਟਾਰ ਸਪੋਰਟਸ 2 ’ਤੇ ਅਤੇ ਲਾਈਵ ਸਟ੍ਰੀਮਿੰਗ ਜਿਓਹੌਟਸਟਾਰ ’ਤੇ ਉਪਲਬਧ ਹੋਵੇਗੀ। ਦਰਸ਼ਕਾਂ ਲਈ ਸਟੇਡੀਅਮ ਵਿੱਚ ਦਾਖ਼ਲਾ ਮੁਫ਼ਤ ਰੱਖਿਆ ਗਿਆ ਹੈ। ਹਾਲਾਂਕਿ, ਮੁਫ਼ਤ ਦਾਖ਼ਲੇ ਲਈ ਟਿਕਟਜੀਨੀ ਦੀ ਵੈੱਬਸਾਈਟ ਜਾਂ ਐਪ ਰਾਹੀਂ ਰਜਿਸਟ੍ਰੇਸ਼ਨ ਕਰਕੇ ਡਿਜੀਟਲ ਐਂਟਰੀ ਪਾਸ ਲੈਣਾ ਹੋਵੇਗਾ।
ਆਕਾਸ਼ਵਾਣੀ ਵੱਲੋਂ ਵੀ ਭਾਰਤੀ ਟੀਮ ਦੇ ਮੈਚਾਂ ਅਤੇ ਸੈਮੀਫਾਈਨਲ ਤੇ ਫਾਈਨਲ ਦੀ ਲਾਈਵ ਕੁਮੈਂਟਰੀ ਸੁਣਾਈ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਪੰਜਾਬ ਵਿੱਚ ਹੋ ਰਹੇ ਟੂਰਨਾਮੈਂਟ ਨੂੰ ਲੈ ਕੇ ਉਤਸ਼ਾਹ
ਹਿੱਸਾ ਲੈਣ ਵਾਲੀਆਂ ਟੀਮਾਂ ਵੀ ਪੰਜਾਬ ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਰਵਾਇਤੀ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ।
ਹੁਣ ਸਭ ਦੀਆਂ ਨਜ਼ਰਾਂ ਭਾਰਤੀ ਟੀਮ ਤੇ ਹੋਣਗੀਆਂ, ਜੋ ਘਰੇਲੂ ਮੈਦਾਨ ਤੇ ਖੇਡਦਿਆਂ ਆਪਣਾ ਛੇਵਾਂ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।
ਪੜ੍ਹੋ :- ਅੰਮ੍ਰਿਤਸਰ ਵਿੱਚ ‘ਆਪ’ ਸਰਪੰਚ ਦੇ ਭਰਾ ਦੀ ਹੱਤਿਆ, ਪਿੰਡ ਚੀਤੇਕਲਾਂ ਦਾ ਮਾਮਲਾ