ਰਾਹੁਲ ਗਾਂਧੀ ਛੱਡ ਭਾਵੇਂ ਟਰੰਪ ਆ ਜਾਵੇ; ਭਗਵੰਤ ਮਾਨ ਨੇ ਕਾਂਗਰਸ ਨੂੰ ਘੇਰਿਆ

ਚੰਡੀਗੜ੍ਹ :- ਪੰਜਾਬ ਵਿਧਾਨ ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਤੇ ਤੰਜ ਕੱਸੇ ਹਨ। ਮਾਨ ਨੇ ਕਿਹਾ ਕਾਂਗਰਸ ਦਾ ਤਾਂ ਕੰਮ ਹੀ ਹੰਗਾਮਾ ਕਰਨਾ ਹੈ। ਪਹਿਲੇ ਇਹ ਕਹਿੰਦੇ ਸਨ ਕਿ ਸੈਸ਼ਨ ਨਹੀਂ ਬੁਲਾਉਂਦੇ ਤੇ ਜਦੋਂ ਸੈਸ਼ਨ ਰੱਖਿਆ ਤੇ ਇਹ ਆਉਂਦੇ ਨਹੀਂ, ਜੇਕਰ ਆਉਂਦੇ ਵੀ ਨੇ ਬੈਠਦੇ ਨਹੀਂ ਤੇ ਹੰਗਾਮਾ ਕਰਦੇ ਹਨ। ਕਾਂਗਰਸ ਕੋਲ ਹੁਣ ਕੋਈ ਮੁੱਦਾ ਨਹੀਂ।

ਜਿਕਰਯੋਗ ਹੈ ਕਿ 4 ਨਵੰਬਰ ਨੂੰ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਵੱਡੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆ ਰਹੇ ਹਨ। ਜਿਸ ਉੱਤੇ ਭਗਵੰਤ ਮਾਨ ਨੇ ਤਨਜ਼ ਕੱਸਿਆ ਕਿ ਰਾਹੁਲ ਗਾਂਧੀ ਨੂੰ ਛੱਡ ਚਾਹੇ ਟ੍ਰੰਪ ਆ ਜਾਵੇ, ਕੋਈ ਗੱਲ ਨਹੀਂ।

ਆਪ ਤੇ ਕਾਂਗਰਸ ਦਾ ਤਿੱਖਾ ਸਿਆਸੀ ਟਕਰਾਅ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਸਦਨ ਦੇ ਅੰਦਰ ਅਤੇ ਬਾਹਰ ਸਿਆਸੀ ਮਾਹੌਲ ਤਪਿਆ ਹੋਇਆ ਦੇਖਣ ਨੂੰ ਮਿਲਿਆ। ਕਾਂਗਰਸ ਨੇ ਵਿਧਾਇਕਾਂ ਨੂੰ ਸਦਨ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੇ ਦੋਸ਼ ਲਾ ਕੇ ਬਾਈਕਾਟ ਕੀਤਾ, ਜਦਕਿ ਪ੍ਰੈੱਸ ਕਾਨਫਰੰਸ ਕਰਨ ਦੇ ਮੁੱਦੇ ਤੇ ‘ਆਪ’ ਅਤੇ ਕਾਂਗਰਸੀ ਆਗੂਆਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਅਤੇ ਸਰਬਜੀਤ ਕੌਰ ਮਾਣੂੰਕੇ ਵਿਚਾਲੇ ਵੀ ਤਕਰਾਰ ਦੇਖਣ ਨੂੰ ਮਿਲੀ।

ਕਾਂਗਰਸ ਨੇ ਕਾਲੇ ਕੱਪੜੇ ਪਾ ਕੇ ਕੀਤਾ ਵਿਰੋਧ

ਕਾਂਗਰਸੀ ਵਿਧਾਇਕ ਗਲਾਂ ਵਿੱਚ ਕਾਲੇ ਕੱਪੜੇ ਪਾ ਕੇ ਵਿਧਾਨ ਸਭਾ ਪਹੁੰਚੇ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ ਸਦਨ ਵਿੱਚ ਜਾਣ ਤੋਂ ਰੋਕਿਆ ਗਿਆ। ਇਸ ਦੇ ਵਿਰੋਧ ਵਿੱਚ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸਦਨ ਦਾ ਬਾਈਕਾਟ ਕਰ ਦਿੱਤਾ।

ਮਾਮਲੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਸਕੱਤਰ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਬਸਪਾ ਵਿਧਾਇਕ ਨਛੱਤਰ ਪਾਲ ਤੋਂ ਵੀ ਇਸ ਬਾਰੇ ਪੁੱਛਿਆ। ਨਛੱਤਰ ਪਾਲ ਨੇ ਕਿਹਾ ਕਿ ਉਹ ਸਮੇਂ ਦੇ ਪਾਬੰਦ ਹਨ। ਸਪੀਕਰ ਨੇ ਕਿਹਾ ਕਿ ਕਿਸੇ ਵੀ ਮੈਂਬਰ ਨੂੰ ਸਦਨ ਵਿੱਚ ਆਉਣ ਤੋਂ ਨਹੀਂ ਰੋਕਿਆ ਜਾਵੇਗਾ, ਜਦੋਂ ਤੱਕ ਉਸ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਹੋਵੇ।

ਪੋਡੀਅਮ ਤੇ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਟਕਰਾਅ

ਵਿਧਾਨ ਸਭਾ ਦੇ ਪੋਡੀਅਮ ਤੇ ਪ੍ਰੈੱਸ ਕਾਨਫਰੰਸ ਕਰਨ ਦੇ ਮੁੱਦੇ ਤੇ ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ। ਧਾਲੀਵਾਲ ਨੇ ਬਾਜਵਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਦਨ ਦੇ ਅੰਦਰ ਉਨ੍ਹਾਂ ਦੀ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ। ਦੂਜੇ ਪਾਸੇ, ਬਾਜਵਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ।

ਖਹਿਰਾ ਤੇ ਮਾਣੂੰਕੇ ਆਹਮੋ-ਸਾਹਮਣੇ

ਵਿਧਾਨ ਸਭਾ ਦੇ ਬਾਹਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ‘ਆਪ’ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵਿਚਾਲੇ ਵੀ ਬਹਿਸ ਹੋਈ। ਖਹਿਰਾ ਨੇ ਮਾਣੂੰਕੇ ’ਤੇ ਇੱਕ ਐੱਨਆਰਆਈ ਦੀ ਕੋਠੀ ’ਤੇ ਕਬਜ਼ੇ ਦੇ ਦੋਸ਼ਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।

ਇਸ ਦੇ ਜਵਾਬ ਵਿੱਚ ਮਾਣੂੰਕੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ। ਉਨ੍ਹਾਂ ਨੇ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਦੀ ਗੱਲ ਵੀ ਆਖੀ।

ਰਵਨੀਤ ਬਿੱਟੂ ਬੋਤਲ ਲੈ ਕੇ ਪਹੁੰਚੇ

ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵੀ ਬੋਤਲ ਲੈ ਕੇ ਵਿਧਾਨ ਸਭਾ ਦੇ ਬਾਹਰ ਪਹੁੰਚੇ ਅਤੇ ਸਰਕਾਰ ਤੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ। ਇਜਲਾਸ ਦੇ ਆਖ਼ਰੀ ਦਿਨ ਵੱਖ-ਵੱਖ ਆਗੂਆਂ ਵਿਚਾਲੇ ਹੋਈਆਂ ਇਨ੍ਹਾਂ ਤਕਰਾਰਾਂ ਨੇ ਪੰਜਾਬ ਦੀ ਸਿਆਸਤ ਵਿੱਚ ਤਿੱਖੇ ਟਕਰਾਅ ਦੀ ਤਸਵੀਰ ਪੇਸ਼ ਕੀਤੀ।

Leave a Comment