ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਵਿੱਚ ਨਵੇਂ ਅਧਿਕਾਰੀ ਤਾਇਨਾਤ; ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਨੂੰ ਸੰਗਰੂਰ ਭੇਜਿਆ
ਮਾਨਸਾ :- ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਲੈ ਕੇ ਮਾਨਸਾ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਿਵੀਜ਼ਨਾਂ ਦੇ ਡੀਐੱਸਪੀ ਬਦਲ ਦਿੱਤੇ ਹਨ। ਇਸ ਤਹਿਤ ਗੁਰਪ੍ਰਤਾਪ ਸਿੰਘ ਨੂੰ ਡੀਐੱਸਪੀ ਸਬ-ਡਿਵੀਜ਼ਨ ਮਾਨਸਾ, ਹਰਵਿੰਦਰ ਸਿੰਘ ਸਰਾਂ ਨੂੰ ਡੀਐੱਸਪੀ ਸਰਦੂਲਗੜ੍ਹ ਅਤੇ ਸਰਬਜੀਤ ਸਿੰਘ ਬਰਾੜ ਨੂੰ ਡੀਐੱਸਪੀ ਬੁਢਲਾਡਾ ਨਿਯੁਕਤ ਕੀਤਾ ਗਿਆ ਹੈ।
ਸਪੈਸ਼ਲ ਡੀਜੀਪੀ (ਐੱਚ) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗੁਰਪ੍ਰਤਾਪ ਸਿੰਘ ਪਹਿਲਾਂ ਫ਼ਤਹਿਗੜ੍ਹ ਸਾਹਿਬ ਵਿੱਚ ਡੀਐੱਸਪੀ ਕਮਾਂਡ ਸੈਂਟਰ ਵਜੋਂ ਤਾਇਨਾਤ ਸਨ। ਹਰਵਿੰਦਰ ਸਿੰਘ ਸਰਾਂ ਬਠਿੰਡਾ ਦਿਹਾਤੀ ਦੇ ਡੀਐੱਸਪੀ ਸਨ, ਜਦਕਿ ਸਰਬਜੀਤ ਸਿੰਘ ਬਰਾੜ ਬਠਿੰਡਾ ਦੀ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਸਨ।
ਸਿਕੰਦਰ ਸਿੰਘ ਨੂੰ ਸੰਗਰੂਰ ਭੇਜਿਆ
ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਾ ਵਾਧੂ ਚਾਰਜ ਡੀਐੱਸਪੀ (ਡੀ) ਪੁਸ਼ਪਿੰਦਰ ਸਿੰਘ ਗਿੱਲ ਨੂੰ ਦਿੱਤਾ ਗਿਆ ਸੀ। ਇਸੇ ਦੌਰਾਨ ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਦਾ ਤਬਾਦਲਾ ਸੰਗਰੂਰ ਦੀ ਲੱਡਾ ਕੋਠੀ ਵਿਖੇ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਤਿੰਨ ਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਵੀ ਆਰਜ਼ੀ ਤੌਰ ਤੇ ਮਾਨਸਾ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਪ੍ਰਸ਼ਾਸਕੀ ਫੇਰਬਦਲ ਝੋਟਾ ਮਾਮਲੇ ਨੂੰ ਲੈ ਕੇ ਜਾਰੀ ਸੰਘਰਸ਼ ਦੇ ਸਮੇਂ ਹੋਇਆ ਹੈ।
ਇਹ ਵੀ ਪੜ੍ਹੋ :- ਮਾਨਸਾ ’ਚ ਪਰਿਵਾਰ ਤੋਂ ਜ਼ਬਰਦਸਤੀ ਲਾਸ਼ ਲਿਜਾਣ ਤੇ ਮਨੁੱਖੀ ਅਧਿਕਾਰ ਕਮਿਸ਼ਨ ਸਖ਼ਤ
13 ਅਕਤੂਬਰ ਨੂੰ ਹੋਈ ਸੀ ਪਰਵਿੰਦਰ ਸਿੰਘ ਝੋਟਾ ਦੀ ਮੌਤ
ਜ਼ਿਕਰਯੋਗ ਹੈ ਕਿ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਸਰਗਰਮ ਰਹੇ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ’ਤੇ ਗੋਲੀਆਂ ਚਲਾਉਣ ਦੇ ਦੋਸ਼ ਲੱਗੇ ਸਨ।
ਘਟਨਾ ਦੌਰਾਨ ਝੋਟਾ ਦੇ ਫੇਸਬੁੱਕ ਪੇਜ ’ਤੇ ਲਗਭਗ 5 ਮਿੰਟ 48 ਸਕਿੰਟ ਦੀ ਲਾਈਵ ਵੀਡੀਓ ਬਣਨ ਦੀ ਗੱਲ ਵੀ ਸਾਹਮਣੇ ਆਈ ਸੀ। ਦੱਸਿਆ ਗਿਆ ਸੀ ਕਿ ਵੀਡੀਓ ਵਿੱਚ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਬਹਿਸ ਦੌਰਾਨ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ।
ਪਰਵਿੰਦਰ ਸਿੰਘ ਝੋਟਾ ਲੰਬੇ ਸਮੇਂ ਤੋਂ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਸਰਗਰਮ ਸਨ। ਉਹ ਨਸ਼ਾ ਵੇਚਣ ਦੇ ਵਿਰੋਧ ਵਿੱਚ ਆਵਾਜ਼ ਉਠਾਉਂਦੇ ਸਨ ਅਤੇ ਇਸ ਮੁੱਦੇ ’ਤੇ ਕਈ ਵਾਰ ਵਿਵਾਦ ਵੀ ਹੋਏ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਮਲਾ ਲਗਾਤਾਰ ਚਰਚਾ ਵਿੱਚ ਹੈ ਅਤੇ ਇਸ ਨੂੰ ਲੈ ਕੇ ਸੰਘਰਸ਼ ਵੀ ਜਾਰੀ ਹੈ।