ਕਿਹੜੇ ਹਾਲਾਤਾਂ ‘ਚ ਅਸ਼ਵਨੀ ਨੇ ਗੋਲੀ ਮਾਰੀ; ਪਰਵਿੰਦਰ ਸਿੰਘ ਝੋਟਾ ਨੇ ਉਸਦਾ ਮੂੰਹ ਕੀਤਾ ਸੀ ਕਾਲਾ ਤੇ ਗੱਲ ਵਿੱਚ ਪਾਇਆ ਸੀ ਸ਼ਿਤਰਾਂ ਦਾ ਹਾਰ – ਕੀਮਤੀ ਭਗਤ
17 ਦਿਨਾਂ ਤੋਂ ਇਨਸਾਫ਼ ਦੀ ਉਡੀਕ ਕਰ ਰਿਹਾ ਪਰਿਵਾਰ, ਅੰਤਿਮ ਸੰਸਕਾਰ ਅਜੇ ਵੀ ਨਹੀਂ ਹੋਇਆ; ਮਾਨਸਾ ’ਚ ਤਿੰਨ ਐੱਸਪੀ ਪੱਧਰ ਦੇ ਅਧਿਕਾਰੀ ਅਸਥਾਈ ਤੌਰ ਤੇ ਤਾਇਨਾਤ
ਜਲੰਧਰ :- ਪਰਵਿੰਦਰ ਸਿੰਘ ਝੋਟਾ ਦੀ ਮੌਤ ਦਾ ਮਾਮਲਾ ਪੰਜਾਬ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰਿਵਾਰ ਪਿਛਲੇ 17 ਦਿਨਾਂ ਤੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ ਅਤੇ ਅਜੇ ਤੱਕ ਝੋਟਾ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਗਿਆ। ਇਸ ਦੌਰਾਨ ਜਿੱਥੇ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਪੁਲਸ ਪ੍ਰਸ਼ਾਸਨ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ, ਉੱਥੇ ਹੀ ਗਊਸ਼ਾਲਾ ਸੇਵਾ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਨੇ ਇਸ ਮਾਮਲੇ ਨੂੰ ਲੈ ਕੇ ਕਈ ਤਿੱਖੇ ਬਿਆਨ ਦਿੱਤੇ ਹਨ। ਉਨ੍ਹਾਂ ਨੇ ਸੰਘਰਸ਼ ਵਿੱਚ ਸਰਗਰਮ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ ਹੈ। ਓਹਨਾਂ ਨੇ ਪਰਵਿੰਦਰ ਝੋਟੇ ਦੇ ਕਤਲ ਮਾਮਲੇ ‘ਚ ਕਿਹਾ ਕਿ “ਕਿਸੇ ਦਾ ਦਿਲ ਨਹੀਂ ਕਰਦਾ ਗੋਲੀ ਮਾਰਨ ਨੂੰ, ਕਿਹੜੀ ਪਰਿਸਥਿਤੀ ‘ਚ ਅਸ਼ਵਨੀ ਨੇ ਕਦਮ ਚੁੱਕਿਆ ਹੋਵੇਗਾ।”
ਮਾਨਸਾ ’ਚ ਪੁਲਸ ਪ੍ਰਸ਼ਾਸਨ ਦੀ ਮੁੜ ਤਾਇਨਾਤੀ
ਝੋਟਾ ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਰਮਿਆਨ ਸਰਕਾਰ ਨੇ ਮਾਨਸਾ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਿਵੀਜ਼ਨਾਂ ਦੇ ਡੀਐੱਸਪੀ ਬਦਲ ਦਿੱਤੇ ਹਨ। ਇਨ੍ਹਾਂ ਦੀ ਥਾਂ ਡੀਐੱਸਪੀ (ਡੀ) ਪੁਸ਼ਪਿੰਦਰ ਸਿੰਘ ਗਿੱਲ ਨੂੰ ਵਾਧੂ ਕਾਰਜਭਾਰ ਸੌਂਪਿਆ ਗਿਆ ਸੀ। ਇਸ ਤੋਂ ਇਲਾਵਾ ਹੁਣ ਤਿੰਨ ਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਵੀ ਆਰਜ਼ੀ ਤੌਰ ’ਤੇ ਮਾਨਸਾ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ :- ਮਾਨਸਾ ਵਿੱਚ 3 ਡੀਐੱਸਪੀ ਬਦਲੇ – ਪਰਵਿੰਦਰ ਸਿੰਘ ਝੋਟਾ ਮਾਮਲਾ
ਲੱਖਾ ਸਿਧਾਣਾ ਤੇ ਭਾਨਾ ਸਿੱਧੂ ਨੂੰ ਬਦਮਾਸ਼ ਆਖਿਆ
ਕੀਮਤੀ ਭਗਤ ਨੇ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਦੀ ਭੂਮਿਕਾ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਬਦਮਾਸ਼ ਕਿਸਮ ਦੇ ਬੰਦੇ ਆਖਿਆ।। ਉਨ੍ਹਾਂ ਦੋਵਾਂ ਨੂੰ ਸਮਾਜ ਸੇਵੀ ਮੰਨਣ ਤੋਂ ਵੀ ਇਨਕਾਰ ਕੀਤਾ ਅਤੇ ਦੋਸ਼ ਲਾਇਆ ਕਿ ਉਹ ਪੰਜਾਬ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਵੀਡੀਓ ਰਾਹੀਂ ਸਵਾਲ ਕਰਦਿਆਂ ਪੁੱਛਿਆ ਕਿ ਉਹ ਦੱਸਣ ਕਿ ਅਸ਼ਵਨੀ ਕੁਮਾਰ ਲਈ ਗੋਲੀ ਚਲਾਉਣ ਵਾਲੇ ਹਾਲਾਤ ਕਿਵੇਂ ਬਣੇ। ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੀ ਵਿਅਕਤੀ ਕਿਸੇ ਨੂੰ ਗੋਲੀ ਮਾਰਨਾ ਨਹੀਂ ਚਾਹੁੰਦਾ।
ਕੀਮਤੀ ਭਗਤ ਨੇ ਕਿਹਾ ਕਿ ਜੇਕਰ ਅਸ਼ਵਨੀ ਕੁਮਾਰ ਨਸ਼ਾ ਵੇਚਦਾ ਸੀ ਤਾਂ ਝੋਟਾ ਨੂੰ ਸਰਕਾਰ ਕੋਲ ਉਸ ਵਿਰੁੱਧ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਕਿਸੇ ਵਿਅਕਤੀ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਕੇ ਉਸ ਨੂੰ ਬਾਜ਼ਾਰ ਵਿੱਚ ਘੁਮਾਉਣਾ ਕਿੰਨਾ ਕਿ ਜਾਇਜ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਝੋਟਾ ਮੁੜ ਉਸੇ ਦੁਕਾਨਦਾਰ ਕੋਲ ਚਲਾ ਗਿਆ ਸੀ, ਜਿਸ ਕਾਰਨ ਦੁਕਾਨਦਾਰ ਡਰ ਗਿਆ ਅਤੇ ਉਸ ਨੇ ਗੋਲੀ ਚਲਾ ਦਿੱਤੀ।
ਅਮਿਤ ਸ਼ਾਹ ਦੇ ਪੰਜਾਬ ਦੌਰੇ ਤੇ ਵੀ ਚੁੱਕੇ ਸਵਾਲ
ਕੀਮਤੀ ਭਗਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਆਰਐੱਸਐੱਸ ਦੇ ਸੀਨੀਅਰ ਆਗੂ ਗਗਨੇਜਾ ਦੀ ਮੌਤ ਤੋਂ ਬਾਅਦ ਅਮਿਤ ਸ਼ਾਹ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਨਹੀਂ ਪਹੁੰਚੇ। ਇਸੇ ਤਰ੍ਹਾਂ 1984 ਦੇ ਦੰਗਿਆਂ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਹੁਣ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦਾ ਮਕਸਦ ਸਿਰਫ਼ ਚੋਣਾਂ ਲਈ ਵੋਟਾਂ ਹਾਸਲ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਿਤ ਸ਼ਾਹ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਗੱਲ ਕਰ ਰਹੇ ਹਨ, ਪਰ ਗੁਜਰਾਤ ਵਿੱਚ ਵੀ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਉੱਥੇ ਨਸ਼ੇ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ?
ਬੀਐੱਸਐੱਫ ਦੀ ਭੂਮਿਕਾ ਬਾਰੇ ਕੇਂਦਰ ਤੋਂ ਰਿਪੋਰਟ ਮੰਗਣ ਦੀ ਮੰਗ
ਕੀਮਤੀ ਭਗਤ ਨੇ ਪੰਜਾਬ ਵਿੱਚ ਨਸ਼ਾ ਤਸਕਰੀ ਰੋਕਣ ਦੇ ਮਾਮਲੇ ਤੇ ਕੇਂਦਰ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੀਐੱਸਐੱਫ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਦੀ ਹੈ। ਇਸ ਲਈ ਕੇਂਦਰ ਨੂੰ ਇਹ ਰਿਪੋਰਟ ਲੈਣੀ ਚਾਹੀਦੀ ਹੈ ਕਿ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਦੌਰਾਨ ਕਿੰਨੇ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਕਿਹਾ ਕਿ 20 ਸਾਲ ਪਹਿਲਾਂ ਆਰਐੱਸਐੱਸ ਦੇ ਕਈ ਆਗੂ ਮਾਰੇ ਗਏ ਸਨ, ਪਰ ਉਸ ਸਮੇਂ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਕੋਈ ਨਹੀਂ ਪਹੁੰਚਿਆ ਸੀ।
ਇਸ ਤਰ੍ਹਾਂ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਜਾਰੀ ਹੈ, ਜਦਕਿ ਦੂਜੇ ਪਾਸੇ ਇਸ ਸੰਘਰਸ਼ ਨੂੰ ਲੈ ਕੇ ਵੱਖ-ਵੱਖ ਆਗੂਆਂ ਦੇ ਬਿਆਨਾਂ ਨਾਲ ਸਿਆਸੀ ਬਹਿਸ ਵੀ ਤੇਜ਼ ਹੋ ਰਹੀ ਹੈ। ਪਰਿਵਾਰ ਵੱਲੋਂ ਅਜੇ ਤੱਕ ਅੰਤਿਮ ਸੰਸਕਾਰ ਨਾ ਕੀਤੇ ਜਾਣ ਕਾਰਨ ਮਾਮਲਾ ਲਗਾਤਾਰ ਚਰਚਾ ਵਿੱਚ ਬਣਿਆ ਹੋਇਆ ਹੈ।