ਨਵੀਂ ਦਿੱਲੀ :- ਬੁੱਧਵਾਰ ਪੂਰਬੀ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਦੁਪਹਿਰ 3:32 ਵਜੇ 5 ਮੰਜ਼ਿਲਾ ਮਕਾਨ ਅਚਾਨਕ ਢਹਿ ਗਿਆ। ਹਾਦਸੇ ਵਿੱਚ 2 ਲੋਕ ਜ਼ਖ਼ਮੀ ਹੋਏ ਹਨ ਤੇ ਹੋਰਨਾਂ ਦਾ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਹੈ। ਮਕਾਨ ਡਿੱਗਣ ਦੀ ਸੂਚਨਾ ਮਿਲਦੇ ਹੀ ਬਚਾਅ ਟੀਮਾ ਮੌਕੇ ਤੇ ਪਹੁੰਚੀਆ ਅਤੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਵੀ 5 ਮੰਜਿਲਾ ਇਮਾਰਤ ਡਿੱਗਣ ਦੀ ਘਟਨਾ ਸਾਹਮਣੇ ਆਈ ਸੀ।
2 ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਹਾਦਸੇ ਵਿੱਚ ਜ਼ਖ਼ਮੀ 2 ਲੋਕਾਂ ਨੂੰ ਐਂਬੂਲੈਂਸ ਰਾਹੀਂ ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਦੌਰਾਨ ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਬਚਾਅ ਟੀਮਾਂ ਵੱਲੋਂ ਤਲਾਸ਼ ਜਾਰੀ ਹੈ।
ਸੀਮਾਪੁਰੀ ’ਚ ਆਵਾਜਾਈ ਪ੍ਰਭਾਵਿਤ
ਦਿੱਲੀ ਟ੍ਰੈਫਿਕ ਪੁਲਸ ਮੁਤਾਬਕ ਮਕਾਨ ਡਿੱਗਣ ਕਾਰਨ ਸੀਮਾਪੁਰੀ ਗੋਲ ਚੱਕਰ, ਡੀਐੱਲਐੱਫ ਭੋਪੁਰਾ ਅਤੇ ਆਸ-ਪਾਸ ਦੀਆਂ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਸੰਭਵ ਹੋਵੇ ਤਾਂ ਇਸ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਮੌਕੇ ਦੇ ਨੇੜੇ ਰੁਕਣ, ਵਾਹਨ ਖੜ੍ਹੇ ਕਰਨ ਜਾਂ ਭੀੜ ਇਕੱਠੀ ਨਾ ਕਰਨ ਲਈ ਕਿਹਾ ਹੈ ਤਾਂ ਜੋ ਐਂਬੂਲੈਂਸ ਅਤੇ ਬਚਾਅ ਵਾਹਨਾਂ ਨੂੰ ਮੌਕੇ ਤੱਕ ਪਹੁੰਚਣ ਵਿੱਚ ਕੋਈ ਰੁਕਾਵਟ ਨਾ ਆਵੇ।