ਅੰਮ੍ਰਿਤਸਰ – ਤਲਬੀਰ ਗਿੱਲ ਦੀ ਮੁਆਫ਼ੀ ਮਗਰੋਂ ਪੱਤਰਕਾਰਾਂ ਨੇ ਚੁੱਕਿਆ ਧਰਨਾ

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਇੱਕ ਕੈਮਰਾਮੈਨ ਨਾਲ ਕਥਿਤ ਕੁੱਟਮਾਰ ਅਤੇ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਡੀ.ਸੀ.ਪੀ. ਦਫ਼ਤਰ ਦੇ ਬਾਹਰ ਮੇਨ ਜੀਟੀ ਰੋਡ ਤੇ ਧਰਨਾ ਦੇ ਰਹੇ ਪੱਤਰਕਾਰਾਂ ਵਿਚਕਾਰ ਆਮ ਆਦਮੀ ਪਾਰਟੀ ਦੇ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਮੌਕੇ ਤੇ ਪਹੁੰਚੇ। ਪੱਤਰਕਾਰਾਂ ਨੇ ਉਨ੍ਹਾਂ ਸਾਹਮਣੇ ਆਪਣਾ ਪੱਖ ਰੱਖਿਆ, ਜਦਕਿ ਤਲਬੀਰ ਗਿੱਲ ਨੇ ਵੀ ਘਟਨਾ ਸਬੰਧੀ ਆਪਣੀ ਸਫ਼ਾਈ ਦਿੱਤੀ।

ਸੁਰੱਖਿਆ ਦੇ ਮੱਦੇਨਜ਼ਰ ਧੱਕਾ ਮਾਰਨ ਦੀ ਗੱਲ ਕਬੂਲੀ

ਗੱਲਬਾਤ ਦੌਰਾਨ ਤਲਬੀਰ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕੈਮਰਾਮੈਨ ਨੂੰ ਹਲਕਾ ਧੱਕਾ ਜ਼ਰੂਰ ਮਾਰਿਆ ਸੀ ਪਰ ਕਿਸੇ ਤਰ੍ਹਾਂ ਦੀ ਕੋਈ ਕੁੱਟ ਮਾਰ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮੌਕੇ ਤੇ ਮੌਜੂਦ ਮੀਡੀਆ ਕਰਮਚਾਰੀ ਦੇ ਗਲ ਵਿੱਚ ਪਛਾਣ ਪੱਤਰ (ਆਈ-ਕਾਰਡ) ਨਾ ਹੋਣ ਕਰਕੇ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲਦੀਆਂ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਕਦਮ ਚੁੱਕਿਆ।

ਪੱਤਰਕਾਰਾਂ ਨੇ ਰੱਖਿਆ ਆਪਣਾ ਪੱਖ

ਧਰਨਾ ਦੇ ਰਹੇ ਪੱਤਰਕਾਰਾਂ ਨੇ ਤਲਬੀਰ ਗਿੱਲ ਨਾਲ ਗੱਲਬਾਤ ਦੌਰਾਨ ਘਟਨਾ ਬਾਰੇ ਆਪਣਾ ਪੱਖ ਰੱਖਿਆ ਅਤੇ ਮਾਮਲੇ ਵਿੱਚ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੇ ਇਤਰਾਜ਼ ਜਤਾਇਆ ਸੀ। ਪੱਤਰਕਾਰਾਂ ਦੀ ਮੰਗ ਸੀ ਕਿ ਕੈਮਰਾਮੈਨ ਨਾਲ ਹੋਈ ਕਥਿਤ ਕੁੱਟਮਾਰ ਅਤੇ ਬਦਸਲੂਕੀ ਦੇ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਪਰ ਤਲਬੀਰ ਗਿੱਲ ਨੇ ਮੌਕੇ ਤੇ ਪਹੁੰਚ ਕੇ ਮਾਫੀ ਮੰਗਕੇ ਸਾਰੀ ਗੱਲ ਸਮੇਟ ਲਈ।

ਮੁਆਫ਼ੀ ਤੋਂ ਬਾਅਦ ਪੱਤਰਕਾਰਾਂ ਨੇ ਚੁੱਕਿਆ ਧਰਨਾ

ਪਰ ਤਲਬੀਰ ਗਿੱਲ ਨੇ ਗੱਲਬਾਤ ਦੌਰਾਨ ਕਈ ਵਾਰ ਹੱਥ ਜੋੜ ਕੇ ਮੁਆਫ਼ੀ ਮੰਹੀ। ਜਿਸਤੋਂ ਬਾਅਦ ਪੱਤਰਕਾਰਾਂ ਨੇ ਧਰਨਾ ਚੁੱਕਣ ਦਾ ਫ਼ੈਸਲਾ ਕੀਤਾ। ਇਸ ਘਟਨਾਕ੍ਰਮ ਦੌਰਾਨ ਪੱਤਰਕਾਰਾਂ ਨੇ ਆਪਣੇ ਸਾਥੀ ਨਾਲ ਹੋਏ ਕਥਿਤ ਵਿਹਾਰ ਤੇ ਇਤਰਾਜ਼ ਜਤਾਉਂਦਿਆਂ ਮੀਡੀਆ ਕਰਮਚਾਰੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਨਾਲ ਸਤਿਕਾਰਯੋਗ ਵਿਹਾਰ ਦੀ ਲੋੜ ਤੇ ਜ਼ੋਰ ਦਿੱਤਾ।

Leave a Comment