ਘੱਰ ਵਿੱਚੋ ਲਾਸ਼ਾਂ ਬਰਾਮਦ, ਨੂੰਹ ਤੇ ਕਤਲ ਦਾ ਸ਼ੱਕ, cctv ਫੁਟੇਜ ਆਈ ਸਾਹਮਣੇ, ਸ਼ਹਿਰ ਅੰਮ੍ਰਿਤਸਰ ਦਾ ਹੈ ਮਾਮਲਾ
ਅੰਮ੍ਰਿਤਸਰ :- ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਦੀ ਰਾਮਨਗਰ ਕਲੋਨੀ ਵਿੱਚ ਉਸ ਸਮੇਂ ਸਨਸਨੀ ਤੇ ਦਹਿਸ਼ਤ ਫੈਲ ਗਈ ਜਦੋਂ ਇਕ ਘਰ ਵਿੱਚੋਂ ਤੇਜ਼ ਬਦਬੂ ਆਉਣ ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਸ ਨੇ ਜਦੋਂ ਘਰ ਦਾ ਤਾਲਾ ਤੋੜ ਕੇ ਅੰਦਰ ਜਾਂਚ ਕੀਤੀ ਤਾਂ ਮਾਂ-ਪੁੱਤ ਦੀਆਂ 2 ਲਾਸ਼ਾਂ ਗਲੀ-ਸੜੀ ਹਾਲਤ ਵਿੱਚ ਮਿਲੀਆਂ। ਲਾਸ਼ਾਂ ਦੀ ਹਾਲਤ ਦੇਖ ਕੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਘਟਨਾ ਕਈ ਦਿਨ ਪੁਰਾਣੀ ਹੋ ਸਕਦੀ ਹੈ।
ਮ੍ਰਿਤਕਾਂ ਦੀ ਪਛਾਣ 70 ਸਾਲਾ ਰਿਤੂ ਅਤੇ ਉਨ੍ਹਾਂ ਦੇ 35 ਸਾਲਾ ਪੁੱਤਰ ਗੌਰਵ ਵਜੋਂ ਹੋਈ ਹੈ। ਮੁੱਢਲੀ ਜਾਂਚ ਦੌਰਾਨ ਗੌਰਵ ਦੀ ਪਤਨੀ ਤੇ ਸ਼ੱਕ ਜਤਾਇਆ ਜਾ ਰਿਹਾ ਹੈ, ਪਰ ਪੁਲਸ ਨੇ ਹਾਲੇ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ। ਮੌਤਾਂ ਦੇ ਅਸਲ ਕਾਰਨਾਂ ਅਤੇ ਘਟਨਾ ਦੇ ਹਾਲਾਤ ਦਾ ਪਤਾ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਲੱਗੇਗਾ।
ਏਡੀਸੀਪੀ ਵੇਨਿਲਾ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਨੂੰ ਐਤਵਾਰ ਸ਼ਾਮ ਕਰੀਬ 4:30 ਵਜੇ ਰਾਮਨਗਰ ਕਲੋਨੀ ਦੇ ਇੱਕ ਘਰ ਵਿੱਚੋਂ ਤੇਜ਼ ਬਦਬੂ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਬੰਦ ਘਰ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਈ। ਜਾਂਚ ਦੌਰਾਨ ਦੋ ਲਾਸ਼ਾਂ ਮਿਲੀਆਂ, ਜੋ ਸ਼ੱਕੀ ਹਾਲਾਤ ਵਿੱਚ ਪਈਆਂ ਸਨ। ਲਾਸ਼ਾਂ ਦੀ ਹਾਲਤ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦਿੱਤਿਆਂ ਕਈ ਦਿਨ ਬੀਤ ਚੁੱਕੇ ਹੋ ਸਕਦੇ ਹਨ।
ਢਾਈ ਸਾਲ ਪਹਿਲਾਂ ਹੋਇਆ ਸੀ ਗੌਰਵ ਦਾ ਵਿਆਹ
ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੌਰਵ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਕਿਸੇ ਹੋਰ ਸੂਬੇ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਮੁਹੱਲੇ ਦੇ ਕੁਝ ਲੋਕਾਂ ਨੇ ਦੋਵਾਂ ਮਾਂ-ਪੁੱਤ ਦੀ ਹੱਤਿਆ ਵਿੱਚ ਗੌਰਵ ਦੀ ਪਤਨੀ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਹੈ। ਜਾਂਚ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਦੋਵਾਂ ਤੇ ਕਿਸੇ ਭਾਰੀ ਅਤੇ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੋ ਸਕਦਾ ਹੈ। ਹਾਲਾਂਕਿ, ਹਥਿਆਰ, ਹਮਲੇ ਦੇ ਸਮੇਂ ਅਤੇ ਹੱਤਿਆ ਦੇ ਕਾਰਨਾਂ ਬਾਰੇ ਹਾਲੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ।
ਮੌਕੇ ਦੀ CCTV ਫੁਟੇਜ ਆਈ ਸਾਹਮਣੇ
ਪੁਲਸ ਨੇ ਘਟਨਾ ਵਾਲੇ ਘਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇੱਕ ਕੈਮਰੇ ਵਿੱਚ ਗੌਰਵ ਦੀ ਪਤਨੀ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ, ਜੋ ਘਰ ਨੂੰ ਤਾਲਾ ਲਗਾ ਕੇ ਉੱਥੋਂ ਜਾਂਦੀ ਹੋਈ ਨਜ਼ਰ ਆ ਰਹੀ ਹੈ। ਪੁਲਸ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀਆਂ ਦੀ ਆਵਾਜਾਈ ਅਤੇ ਘਟਨਾ ਨਾਲ ਜੁੜੇ ਹੋਰ ਸਬੂਤਾਂ ਦਾ ਪਤਾ ਲਗਾਇਆ ਜਾ ਸਕੇ।
ਪੋਸਟਮਾਰਟਮ ਰਿਪੋਰਟ ਮਗਰੋਂ ਸਪੱਸ਼ਟ ਹੋਣਗੇ ਮੌਤ ਦੇ ਕਾਰਨ
ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਧਿਕਾਰੀਆਂ ਮੁਤਾਬਕ, ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਘਰ ਕਿੰਨੇ ਦਿਨਾਂ ਤੋਂ ਬੰਦ ਸੀ ਅਤੇ ਮਾਂ-ਪੁੱਤ ਦੀ ਮੌਤ ਕਦੋਂ ਹੋਈ। ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤਾਂ ਦੇ ਸਹੀ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇਗੀ।