1984 ਸਿੱਖ ਪੀੜਤਾਂ ਦਾ ਰੋਸ, ਰਾਹੁਲ ਗਾਂਧੀ ਦੀ ਰੈਲੀ ਵਿਰੁੱਧ ਭਾਜਪਾ ਕਰੇਗੀ ਪ੍ਰਦਰਸ਼ਨ

ਸਤਨਾਮ ਸੰਧੂ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ; ਵਿਕਰਮਜੀਤ ਸਿੰਘ ਨੇ ਦਿਲਜੀਤ ਦੋਸਾਂਝ ਦੀ ਮਿਸਾਲ ਦੇ ਕੇ ਕਾਂਗਰਸ ਨੂੰ ਘੇਰਿਆ; 1 ਨਵੰਬਰ ਨੂੰ ਦਿੱਲੀ ਵਿੱਚ ਭਾਜਪਾ ਦੇ ਵਿਰੋਧ ਮਾਰਚ ਦੀ ਤਿਆਰੀ

ਨਵੀਂ ਦਿੱਲੀ :- 1984 ਦੇ ਸਿੱਖ ਕਤਲੇਆਮ ਦੀ ਯਾਦ ਨਾਲ ਜੁੜੀ 1 ਨਵੰਬਰ ਦੀ ਤਰੀਕ ਨੂੰ ਦਿੱਲੀ ਵਿੱਚ ਕਾਂਗਰਸ ਦੀ ਰੈਲੀ ਰੱਖੇ ਜਾਣ ਦਾ ਮੁੱਦਾ ਹੁਣ ਕਾਫੀ ਭਖ ਗਿਆ ਹੈ। ਇਸ ਫ਼ੈਸਲੇ ਵਿਰੁੱਧ ਪੀੜਤ ਪਰਿਵਾਰਾਂ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਅਤੇ ਇਤਰਾਜ਼ ਦਰਜ ਕਰਵਾਏ ਹਨ। ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਕਿਹਾ ਕਿ ਸਿੱਖ ਭਾਈਚਾਰਾ ਰਾਹੁਲ ਗਾਂਧੀ ਦੀ ਰੈਲੀ ਦੀ ਤਰੀਕ ਤੋਂ ਨਾਰਾਜ਼ ਹੈ, ਕਿਉਂਕਿ 1 ਨਵੰਬਰ ਨੂੰ ਕਈ ਪਰਿਵਾਰ ਕਤਲੇਆਮ ਵਿੱਚ ਮਾਰੇ ਗਏ ਆਪਣੇ ਜੀਆਂ ਦੀ ਯਾਦ ਵਿੱਚ ਅਰਦਾਸ ਕਰਦੇ ਹਨ।

ਰਾਇਟ ਵਿਕਟਿਮਜ਼ ਸੁਸਾਇਟੀ, ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਵੀ ਰੈਲੀ ਦੀ ਤਰੀਕ ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ 1 ਨਵੰਬਰ 1984 ਨੂੰ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸੇ ਦਿਨ ਰੈਲੀ ਰੱਖਣ ਨਾਲ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ, 1984 ਵਿੱਚ ਜੋ ਕੁਝ ਵਾਪਰਿਆ, ਉਹ ਦੰਗੇ ਨਹੀਂ ਸਗੋਂ ਨਸਲਕੁਸ਼ੀ ਸੀ।

ਇਹ ਵੀ ਪੜ੍ਹੋ :- ਪੰਜਾਬ ’ਚ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੇ ਸੰਕੇਤ?

ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੰਜਾਬ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਨੇ ਵੀ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ 1984 ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 1 ਨਵੰਬਰ ਸਿਰਫ਼ ਇੱਕ ਤਰੀਕ ਨਹੀਂ, ਸਗੋਂ ਹਜ਼ਾਰਾਂ ਸਿੱਖ ਪਰਿਵਾਰਾਂ ਲਈ ਅਜਿਹਾ ਜ਼ਖ਼ਮ ਹੈ ਜੋ ਅਜੇ ਤੱਕ ਨਹੀਂ ਭਰਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ 1 ਨਵੰਬਰ ਨੂੰ ਦਿੱਲੀ ਵਿੱਚ ਹੋਣ ਵਾਲਾ ਕੰਸਰਟ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ ਤਾਂ ਗਾਇਕ ਨੇ ਸਹਿਮਤੀ ਦਿੰਦਿਆਂ ਪ੍ਰੋਗਰਾਮ ਦੀ ਤਰੀਕ ਬਦਲ ਦਿੱਤੀ ਸੀ।

ਵਿਕਰਮਜੀਤ ਸਿੰਘ ਨੇ ਸਵਾਲ ਕੀਤਾ ਕਿ ਜੇਕਰ ਇੱਕ ਕਲਾਕਾਰ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਆਪਣਾ ਪ੍ਰੋਗਰਾਮ ਬਦਲ ਸਕਦਾ ਹੈ ਤਾਂ ਰਾਹੁਲ ਗਾਂਧੀ ਅਤੇ ਕਾਂਗਰਸ ਅਜਿਹਾ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਦੀਵਾਲੀ ਦੇ ਸੀਜ਼ਨ ਦੌਰਾਨ ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਦੇ ਕੰਮਕਾਜ ਨੂੰ ਧਿਆਨ ਵਿੱਚ ਰੱਖਦਿਆਂ ਰੈਲੀ ਦੀ ਤਰੀਕ ਦੀਵਾਲੀ ਤੋਂ ਬਾਅਦ ਰੱਖੀ ਜਾਵੇ।

ਪੀੜਤ ਪਰਿਵਾਰਾਂ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

ਇਸ ਮੁੱਦੇ ਨੂੰ ਲੈ ਕੇ 1984 ਦੇ ਪੀੜਤ ਪਰਿਵਾਰਾਂ ਦੇ ਨੁਮਾਇੰਦਿਆਂ ਨੇ ਭਾਜਪਾ ਸੰਸਦ ਮੈਂਬਰ ਸਤਨਾਮ ਸੰਧੂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਆਪਣੀਆਂ ਸ਼ਿਕਾਇਤਾਂ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਬਾਰੇ ਪੱਤਰ ਸੌਂਪਿਆ।

ਸਤਨਾਮ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ 25 ਹਜ਼ਾਰ ਤੋਂ ਵੱਧ ਪ੍ਰਭਾਵਿਤ ਪਰਿਵਾਰ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਮੁਤਾਬਕ ਪੀੜਤ ਪਰਿਵਾਰਾਂ ਦੀਆਂ ਮੰਗਾਂ ਵਿੱਚ ਮੁੜ ਵਸੇਬਾ, ਮਕਾਨਾਂ ਅਤੇ ਫਲੈਟਾਂ ਦਾ ਕਬਜ਼ਾ ਦਿਵਾਉਣਾ, ਕਾਰੋਬਾਰ ਲਈ ਬੂਥ ਅਲਾਟ ਕਰਨਾ, ਲਾਲ ਕਾਰਡ ਅਤੇ ਰੁਜ਼ਗਾਰ ਵਰਗੇ ਮੁੱਦੇ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਮਾਮਲਿਆਂ ਦੇ ਹੱਲ ਲਈ ਸਰਕਾਰ ਦੇ ਦਖ਼ਲ ਦੀ ਲੋੜ ’ਤੇ ਜ਼ੋਰ ਦਿੱਤਾ।

1 ਨਵੰਬਰ ਨੂੰ ਭਾਜਪਾ ਵੀ ਕੱਢੇਗੀ ਵਿਰੋਧ ਮਾਰਚ

ਦੂਜੇ ਪਾਸੇ, ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਗਠਜੋੜ ‘ਇੰਡੀਆ’ ਦੀ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਰੈਲੀ ਦੇ ਜਵਾਬ ਵਿੱਚ ਭਾਜਪਾ ਨੇ ਵੀ ਵਿਰੋਧ ਮਾਰਚ ਕਰਨ ਦੀ ਯੋਜਨਾ ਬਣਾਈ ਹੈ। ‘ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ ਭਾਜਪਾ ਵੱਲੋਂ ਦਿੱਲੀ ਦੇ ਹਰੀ ਨਗਰ ਇਲਾਕੇ ਵਿੱਚ ਇਹ ਮਾਰਚ ਕੱਢਿਆ ਜਾਵੇਗਾ। ਇਸ ਵਿੱਚ ਲਗਭਗ 5,000 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ।

ਰਿਪੋਰਟ ਅਨੁਸਾਰ ਭਾਜਪਾ ਇਸ ਮਾਰਚ ਰਾਹੀਂ 1984 ਦੇ ਕਤਲੇਆਮ ਅਤੇ ਇਸ ਵਿੱਚ ਕਾਂਗਰਸ ਆਗੂਆਂ ਦੀ ਕਥਿਤ ਭੂਮਿਕਾ ਦਾ ਮੁੱਦਾ ਉਭਾਰੇਗੀ। ਪਾਰਟੀ ਦੇ ਸੀਨੀਅਰ ਆਗੂਆਂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਭਾਜਪਾ ਆਗੂਆਂ ਦੇ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਉਧਰ, ਵਿਰੋਧੀ ਗਠਜੋੜ ਦੀ ਰੈਲੀ ਦਾ ਮਕਸਦ ਵੋਟਰ ਸੂਚੀਆਂ ਵਿੱਚ ਕਥਿਤ ਬੇਨਿਯਮੀਆਂ ਅਤੇ ਚੋਣ ਕਮਿਸ਼ਨ ਦੇ ਕੰਮਕਾਜ ਵਿਰੁੱਧ ਆਵਾਜ਼ ਉਠਾਉਣਾ ਦੱਸਿਆ ਗਿਆ ਹੈ। ਕਾਂਗਰਸ ਆਗੂਆਂ ਨੇ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਜਤਾਈ ਹੈ। ਰਾਹੁਲ ਗਾਂਧੀ ਮੁਤਾਬਕ ਇਹ ਵੱਖ-ਵੱਖ ਪ੍ਰਦਰਸ਼ਨ ਨਹੀਂ, ਸਗੋਂ ਵਿਰੋਧੀ ਧਿਰ ਦਾ ਸਾਂਝਾ ਪ੍ਰਦਰਸ਼ਨ ਹੈ, ਜਿਸ ਵਿੱਚ ਵੋਟਾਂ ਦੀ ਸੁਰੱਖਿਆ ਅਤੇ ਸੰਵਿਧਾਨ ਦੀ ਰੱਖਿਆ ਦੇ ਮੁੱਦੇ ਚੁੱਕੇ ਜਾਣਗੇ।

1 ਨਵੰਬਰ ਨੂੰ ਦਿੱਲੀ ਵਿੱਚ ਇੱਕ ਪਾਸੇ ਵਿਰੋਧੀ ਗਠਜੋੜ ਦੀ ਰੈਲੀ ਅਤੇ ਦੂਜੇ ਪਾਸੇ ਭਾਜਪਾ ਦੇ ਵਿਰੋਧ ਮਾਰਚ ਦੀ ਤਿਆਰੀ ਹੈ। ਇਸ ਸਿਆਸੀ ਟਕਰਾਅ ਦਰਮਿਆਨ 1984 ਦੇ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ, ਇਨਸਾਫ਼ ਅਤੇ ਮੁੜ ਵਸੇਬੇ ਦੀਆਂ ਮੰਗਾਂ ਵੀ ਚਰਚਾ ਦੇ ਕੇਂਦਰ ਵਿੱਚ ਆ ਗਈਆਂ ਹਨ।

Leave a Comment