ਲੁਧਿਆਣਾ :- ਲੁਧਿਆਣਾ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਲੱਗੀ ਅੱਗ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ। ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਗੋਲਡੀ ਸੱਭਰਵਾਲ ਦੇ ਗੋਦਾਮ ਵਿੱਚ ਅੱਗ ਲੱਗਣ ਤੋਂ ਬਾਅਦ ਹੋਏ ਧਮਾਕਿਆਂ ਕਾਰਨ ਇਮਾਰਤ ਦੀ ਇੱਕ ਕੰਧ ਡਿੱਗ ਗਈ। ਇਸ ਦੀ ਲਪੇਟ ਵਿੱਚ ਆਉਣ ਨਾਲ 27 ਸਾਲਾ ਨੌਜਵਾਨ ਸਾਹਿਲ ਸੱਭਰਵਾਲ ਦੀ ਮੌਤ ਹੋ ਗਈ। ਮ੍ਰਿਤਕ ਰਿਸ਼ਤੇ ਵਿੱਚ ਗੋਲਡੀ ਸੱਭਰਵਾਲ ਦਾ ਚਾਚੇ ਦਾ ਪੁੱਤਰ ਦੱਸਿਆ ਜਾ ਰਿਹਾ ਹੈ।
ਦੂਜੀ ਮੰਜ਼ਿਲ ਤੇ ਰੱਖੇ ਸਨ ਪਟਾਕਾ ਗੋਦਾਮ ‘ਚ ਪਟਾਕੇ
ਪੁਲਸ ਮੁਤਾਬਕ ਗੋਦਾਮ ਦੀ ਦੂਜੀ ਮੰਜ਼ਿਲ ਤੇ ਕਮਰੇ ਦੇ ਨਾਲ ਰਸੋਈ ਬਣੀ ਹੋਈ ਸੀ, ਜਿੱਥੇ ਪਟਾਕਿਆਂ ਦਾ ਸਟਾਕ ਰੱਖਿਆ ਗਿਆ ਸੀ। ਅੱਗ ਲੱਗਣ ਮਗਰੋਂ ਉੱਥੇ ਧਮਾਕੇ ਹੋਣ ਲੱਗੇ। ਇਸ ਦੌਰਾਨ ਸਾਹਿਲ ਇਮਾਰਤ ਦੇ ਅੰਦਰ ਹੀ ਇੱਕ ਪਾਸੇ ਖੜ੍ਹਾ ਸੀ ਕਿ ਅਚਾਨਕ ਕੰਧ ਡਿੱਗ ਪਈ ਅਤੇ ਉਹ ਮਲਬੇ ਹੇਠ ਦੱਬ ਗਿਆ। ਮਲਬੇ ਵਿੱਚ ਦੱਬਣ ਕਾਰਨ ਉਸ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ :- ਲੁਧਿਆਣਾ ’ਚ ਮਹਿਲਾ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਦਾ ਸ਼ੀਸ਼ਾ ਤੋੜਿਆ
ਰਿਹਾਇਸ਼ੀ ਇਲਾਕੇ ’ਚ ਪਟਾਕੇ ਰੱਖਣ ਤੇ ਉੱਠੇ ਸਵਾਲ
ਘਟਨਾ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਰਿਹਾਇਸ਼ੀ ਇਲਾਕੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਸਟੋਰ ਕੀਤੇ ਗਏ ਸਨ। ਹਾਲਾਂਕਿ, ਇਸ ਸਬੰਧੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
ਗੋਲਡੀ ਸੱਭਰਵਾਲ ਨੇ ਦੱਸਿਆ ਸ਼ਾਰਟ ਸਰਕਟ ਕਾਰਨ ਲੱਗੀ ਅੱਗ
‘ਆਪ’ ਆਗੂ ਗੋਲਡੀ ਸੱਭਰਵਾਲ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਿਛਲੇ ਸਾਲ ਦੇ ਬਚੇ ਹੋਏ ਪਟਾਕੇ ਗੋਦਾਮ ਵਿੱਚ ਰੱਖੇ ਹੋਏ ਸਨ। ਉਨ੍ਹਾਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ। ਪੁਲਸ ਵੱਲੋਂ ਹੁਣ ਹਾਦਸੇ ਦੇ ਅਸਲ ਕਾਰਨਾਂ ਅਤੇ ਗੋਦਾਮ ਵਿੱਚ ਪਟਾਕੇ ਰੱਖਣ ਸਬੰਧੀ ਨਿਯਮਾਂ ਦੀ ਜਾਂਚ ਕੀਤੀ ਜਾ ਰਹੀ ਹੈ।