ਇੰਟਰਨੈਸ਼ਨਲ :- ਅਮਰੀਕਾ ਦੇ ਓਹਾਇਓ ਸੂਬੇ ਦੇ ਰਿਚਮੰਡ ਹਾਈਟਸ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਵਡਤਾਲ ਧਾਮ ਹਿੰਦੂ ਮੰਦਰ ਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 1:30 ਵਜੇ ਵਾਪਰੀ, ਜਿਸ ਵਿਚ ਮੰਦਰ ਨੂੰ ਕਾਫੀ ਨੁਕਸਾਨ ਹੋਇਆ। ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਮੁਤਾਬਕ ਹਮਲਾਵਰਾਂ ਨੇ ਮੰਦਰ ਤੇ ਇੱਟਾਂ ਮਾਰੀਆਂ। ਘਟਨਾ ਸਮੇਂ ਮੰਦਰ ਵਿੱਚ ਪੁਜਾਰੀ ਅਤੇ ਸ਼ਰਧਾਲੂ ਮੌਜੂਦ ਸਨ। ਹਮਲੇ ਦੀ CCTV ਰਿਕਾਰਡਿੰਗ ਮੌਜੂਦ ਹੈ, ਜਿਸ ਦੀ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
FBI ਨੂੰ ਵੀ ਦਿੱਤੀ ਗਈ ਜਾਣਕਾਰੀ
HAF ਨੇ ਦੱਸਿਆ ਕਿ ਮਾਮਲੇ ਸਬੰਧੀ ਅਮਰੀਕੀ ਸੰਘੀ ਜਾਂਚ ਏਜੰਸੀ FBI ਅਤੇ ਸਿਵਲ ਰਾਈਟਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਸੰਸਥਾ ਨੇ ਮੰਦਰ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈ।
ਹਮਲੇ ਦੇ ਕਾਰਨ ਦੀ ਜਾਂਚ ਜਾਰੀ
HAF ਨੇ ਇਸ ਘਟਨਾ ਨੂੰ ਸੰਭਾਵਿਤ ਨਫ਼ਰਤੀ ਅਪਰਾਧ ਦੱਸਦਿਆਂ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਹਮਲੇ ਪਿੱਛੇ ਧਾਰਮਿਕ ਕਾਰਨ ਹੋਣ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ। ਫਿਲਹਾਲ ਪੁਲਿਸ ਵੱਲੋਂ CCTV ਸਮੇਤ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।