‘ਟੀਮ ਨੂੰ ਆਪਣੀ ਖੇਡ ਤੇ ਨਿੱਜੀ ਇੱਛਾਵਾਂ ਤੋਂ ਉੱਪਰ ਰੱਖਿਆ’…ਕਪਤਾਨੀ ਛੱਡਣ ਮਗਰੋਂ ਹਰਮਨਪ੍ਰੀਤ ਦੇ ਭਾਵੁਕ ਬੋਲ

‘ਟੀਮ ਹਮੇਸ਼ਾ ਪਹਿਲਾਂ ਰਹੀ’ – ਹਰਮਨਪ੍ਰੀਤ ਕੌਰ

ਅੰਮ੍ਰਿਤਸਰ :- ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਤਿੰਨੋ ਫਾਰਮੈਟਾਂ (ਟੀ-20, ਵਨਡੇ ਅਤੇ ਟੈਸਟ) ਦੀ ਕਪਤਾਨੀ ਛੱਡਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਜਿਸਦੀ ਜਾਣਕਾਰੀ ਓਹਨਾਂ ਸੋਸ਼ਲ ਮੀਡੀਆ ਪੋਸਟ ਰਾਹੀਂ ਵੀ ਸਾਂਝੀ ਕੀਤੀ ਤੇ ਆਪਣੇ ਲੰਬੇ ਕਪਤਾਨੀ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਕਪਤਾਨ ਵਜੋਂ ਉਨ੍ਹਾਂ ਨੇ ਟੀਮ ਨੂੰ ਹਮੇਸ਼ਾ ਆਪਣੇ ਨਿੱਜੀ ਪ੍ਰਦਰਸ਼ਨ ਅਤੇ ਨਿੱਜੀ ਇੱਛਾਵਾਂ ਤੋਂ ਉੱਪਰ ਰੱਖਿਆ ਤੇ ਕਈ ਮੌਕਿਆਂ ਤੇ ਟੀਮ ਦੀ ਲੋੜ ਨੂੰ ਪਹਿਲ ਦੇਣ ਲਈ ਉਨ੍ਹਾਂ ਨੂੰ ਆਪਣੇ ਖੇਡ ਅਤੇ ਨਿੱਜੀ ਵਿਕਾਸ ਨਾਲ ਜੁੜੀਆਂ ਕਈ ਗੱਲਾਂ ਪਿੱਛੇ ਛੱਡਣੀਆਂ ਪਈਆਂ।

‘ਹਰ ਫੈਸਲਾ ਟੀਮ ਨੂੰ ਬਿਹਤਰ ਬਣਾਉਣ ਲਈ ਲਿਆ’

ਹਰਮਨਪ੍ਰੀਤ ਨੇ ਕਿਹਾ ਕਿ ਕਪਤਾਨ ਵਜੋਂ ਉਨ੍ਹਾਂ ਨੂੰ ਕਈ ਔਖੇ ਫੈਸਲੇ ਕਰਨੇ ਪਏ। ਹਰ ਫੈਸਲੇ ਨੂੰ ਹਰ ਕੋਈ ਸਮਝੇ ਜਾਂ ਸਵੀਕਾਰ ਕਰੇ, ਇਹ ਜ਼ਰੂਰੀ ਨਹੀਂ ਸੀ ਅਤੇ ਕੁਝ ਫੈਸਲਿਆਂ ਦੀ ਨਿੱਜੀ ਕੀਮਤ ਵੀ ਚੁਕਾਉਣੀ ਪਈ। ਇਸ ਦੇ ਬਾਵਜੂਦ ਉਨ੍ਹਾਂ ਦਾ ਮਕਸਦ ਹਮੇਸ਼ਾ ਟੀਮ ਨੂੰ ਮਜ਼ਬੂਤ ਕਰਨਾ ਅਤੇ ਦੂਜੀਆਂ ਖਿਡਾਰਨਾਂ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਦੇਣਾ ਰਿਹਾ।

‘ਮੈਂ ਸਭ ਕੁਝ ਦੇਖਿਆ, ਹਾਰ ਵੀ ਤੇ ਜਿੱਤ ਵੀ’

ਆਪਣੇ ਕਪਤਾਨੀ ਸਫ਼ਰ ਨੂੰ ਯਾਦ ਕਰਦਿਆਂ ਹਰਮਨਪ੍ਰੀਤ ਨੇ ਭਾਵੁਕ ਸ਼ਬਦਾਂ ‘ਚ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਨਿਰਾਸ਼ਾ, ਹਾਰ, ਆਲੋਚਨਾ ਅਤੇ ਮੁਸ਼ਕਲ ਦੌਰ ਵੀ ਦੇਖੇ। ਕਈ ਵਾਰ ਅਜਿਹੇ ਹਾਲਾਤ ਵੀ ਆਏ ਜਦੋਂ ਚੀਜ਼ਾਂ ਟੀਮ ਦੇ ਹੱਕ ਵਿੱਚ ਜਾਂਦੀਆਂ ਦਿਖਾਈ ਨਹੀਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਿੱਤਾਂ, ਜਸ਼ਨ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਵੀ ਮਿਲਿਆ ਤੇ ਇਹ ਸਾਰੇ ਤਜਰਬੇ ਅਤੇ ਯਾਦਾਂ ਉਨ੍ਹਾਂ ਨਾਲ ਹਮੇਸ਼ਾ ਰਹਿਣਗੀਆਂ।

‘ਦਿਲ ਭਾਵੁਕ ਹੈ, ਪਰ ਮਨ ਸ਼ਾਂਤ ਹੈ’

ਹਰਮਨਪ੍ਰੀਤ ਨੇ ਕਿਹਾ ਕਿ ਕਪਤਾਨੀ ਛੱਡਦਿਆਂ ਉਨ੍ਹਾਂ ਦਾ ਦਿਲ ਭਾਵਨਾਵਾਂ ਨਾਲ ਭਰਿਆ ਹੋਇਆ ਹੈ, ਪਰ ਉਨ੍ਹਾਂ ਦੇ ਮਨ ਵਿੱਚ ਸ਼ਾਂਤੀ ਵੀ ਹੈ। ਭਾਰਤੀ ਮਹਿਲਾ ਟੀਮ ਇਸ ਸਮੇਂ ਚੰਗੀ ਸਥਿਤੀ ਵਿੱਚ ਹੈ ਅਤੇ ਟੀਮ ਕੋਲ ਪ੍ਰਤਿਭਾ, ਹੌਸਲਾ, ਵਿਸ਼ਵਾਸ ਅਤੇ ਭਵਿੱਖ ਲਈ ਸਮਰੱਥਾ ਮੌਜੂਦ ਹੈ।

‘ਮੇਰੀ ਡਿਊਟੀ ਪੂਰੀ ਹੋਈ, ਹੁਣ ਖੇਡ ਲਈ ਮੁੜ ਮੈਦਾਨ ’ਚ’

ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਟੀਮ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਈ ਅਤੇ ਕਪਤਾਨੀ ਦੀ ਜ਼ਿੰਮੇਵਾਰੀ ਨੂੰ ਮਾਣ ਨਾਲ ਚੁੱਕਿਆ। ਹੁਣ ਉਹ ਆਪਣੀ ਜ਼ਿੰਦਗੀ ਦੇ ਇਸ ਅਧਿਆਏ ਨੂੰ ਬੰਦ ਕਰਕੇ ਅੱਗੇ ਵਧਣਾ ਚਾਹੁੰਦੀ ਹੈ।

ਉਨ੍ਹਾਂ ਸਾਥੀ ਖਿਡਾਰਨਾਂ, ਕੋਚਿੰਗ ਸਟਾਫ਼, ਪ੍ਰਬੰਧਨ, BCCI, ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਚੰਗੇ-ਮਾੜੇ ਸਮੇਂ ਵਿੱਚ ਸਾਥ ਦਿੱਤਾ। ਹਰਮਨਪ੍ਰੀਤ ਨੇ ਆਖ਼ਰ ਵਿੱਚ ਸਪੱਸ਼ਟ ਕੀਤਾ ਕਿ ਕਪਤਾਨੀ ਭਾਵੇਂ ਖ਼ਤਮ ਹੋ ਗਈ ਹੈ, ਪਰ ਭਾਰਤੀ ਕ੍ਰਿਕਟ ਨਾਲ ਉਨ੍ਹਾਂ ਦਾ ਸਫ਼ਰ ਜਾਰੀ ਰਹੇਗਾ। ਹੁਣ ਉਹ ਮੁੜ ਸਿਰਫ਼ ਖੇਡ ਲਈ ਮੈਦਾਨ ’ਚ ਉਤਰਨਾ ਚਾਹੁੰਦੀ ਹੈ।

Leave a Comment