ਕਦੋਂ ਹੋਵੇਗਾ ਪਰਵਿੰਦਰ ਝੋਟਾ ਦਾ ਪੋਸਟਮਾਰਟਮ? ਸੀਬੀਆਈ ਜਾਂਚ ਤੇਜ

ਮਾਨਸਾ :- ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਉਨ੍ਹਾਂ ਦੇ ਪੋਸਟਮਾਰਟਮ ਨੂੰ ਲੈ ਕੇ ਬਣਿਆ ਹੋਇਆ ਹੈ। ਕਈ ਮੀਡੀਆ ਅਦਾਰਿਆਂ ਨੇ ਕਿਹਾ ਕਿ ਪੋਸਟਮਾਰਟਮ ਲਈ ਪਰਿਵਾਰ ਰਾਜੀ ਹੈ, ਜਿਸ ਗੱਲ ਨੂੰ ਪਰਿਵਾਰ ਨੇ ਸਿਰੇ ਤੋਂ ਖਾਰਿਜ ਕੀਤਾ ਹੈ। ਪਰਿਵਾਰ ਨੇ ਹਾਲੇ ਪੋਸਟਮਾਰਟਮ ਕਰਵਾਉਣ ਲਈ ਸਹਿਮਤੀ ਨਹੀਂ ਦਿੱਤੀ, ਸਗੋਂ ਇਸ ਬਾਰੇ ਫ਼ੈਸਲਾ ਸੰਗਤ ਤੇ ਛੱਡਿਆ ਹੈ। ਇਸ ਦੌਰਾਨ ਸੀਬੀਆਈ ਦੀਆਂ ਟੀਮਾਂ ਮਾਨਸਾ ਵਿੱਚ ਵੱਖ-ਵੱਖ ਥਾਵਾਂ ਤੇ ਮੌਕਾ ਏ ਵਾਰਦਾਤ ਤੇ ਪਹੁੰਚ ਕੇ ਸਬੂਤ ਇਕੱਠੇ ਕਰਨ ਅਤੇ ਮਾਮਲੇ ਨਾਲ ਜੁੜੇ ਲੋਕਾਂ ਦੇ ਬਿਆਨ ਦਰਜ ਕਰਨ ਵਿੱਚ ਜੁਟੀਆਂ ਹੋਈਆਂ ਹਨ।
ਦੂਜੇ ਪਾਸੇ, ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਹੈ ਕਿ ਅਧਿਕਾਰੀਆਂ ਮੁਤਾਬਕ ਪੋਸਟਮਾਰਟਮ ਵਿੱਚ ਜਿੰਨੀ ਦੇਰੀ ਹੋਵੇਗੀ, ਸਬੂਤ ਮਿਟਣ ਦੀ ਸੰਭਾਵਨਾ ਓਨੀ ਹੀ ਵਧ ਸਕਦੀ ਹੈ ਤੇ ਨਾਲ ਦੇ ਨਾਲ ਪੋਸਟਮਾਰਟਮ ਦਾ ਫੈਸਲਾ ਸੰਗਤ ਹਵਾਲੇ ਛੱਡਿਆ ਹੈ।

ਪਰਿਵਾਰ ਵੱਲੋਂ ਹਾਲੇ ਪੋਸਟਮਾਰਟਮ ਲਈ ਸਹਿਮਤੀ ਦੇਣ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਫ਼ੈਸਲਾ ਹੋ ਜਾਣ ਦੀਆਂ ਚਰਚਾਵਾਂ ਵਿਚਕਾਰ ਝੋਟਾ ਦੀ ਪਤਨੀ ਨੇ ਵੀ ਕਿਹਾ ਕਿ ਉਨ੍ਹਾਂ ਨੇ ਹਾਲੇ ਕਿਸੇ ਦਸਤਾਵੇਜ਼ ਤੇ ਦਸਤਖ਼ਤ ਨਹੀਂ ਕੀਤੇ ਹਨ ਅਤੇ ਕੋਈ ਵੀ ਫ਼ੈਸਲਾ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋਵੇਗਾ।

ਪੋਸਟਮਾਰਟਮ ਵਿੱਚ ਦੇਰੀ ਨਾਲ ਸਬੂਤ ਮਿਟਣ ਦਾ ਖ਼ਦਸ਼ਾ

ਝੋਟਾ ਦੇ ਪਿਤਾ ਭੀਮ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਵਿੱਚ ਜਿੰਨੀ ਦੇਰੀ ਹੋਵੇਗੀ, ਸਬੂਤ ਮਿਟਣ ਦੀ ਸੰਭਾਵਨਾ ਵਧ ਸਕਦੀ ਹੈ। ਜਾਂਚ ਵਿੱਚ ਪੋਸਟਮਾਰਟਮ ਦੀ ਰਿਪੋਰਟ ਅਹਿਮ ਸਬੂਤ ਬਣ ਸਕਦੀ ਹੈ, ਜਿਸ ਨਾਲ ਮੌਤ ਦੇ ਕਾਰਨਾਂ ਅਤੇ ਹੋਰ ਤੱਥਾਂ ਬਾਰੇ ਜਾਣਕਾਰੀ ਮਿਲ ਸਕਦੀ ਹੈ। ਹਾਲਾਂਕਿ, ਪਰਿਵਾਰ ਵੱਲੋਂ ਇਸ ਬਾਰੇ ਅੰਤਿਮ ਫ਼ੈਸਲਾ ਹਾਲੇ ਨਹੀਂ ਲਿਆ ਗਿਆ ਹੈ।

ਸੀਬੀਆਈ ਨੇ ਜਾਂਚ ਆਪਣੇ ਹੱਥ ਵਿੱਚ ਲਈ

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਤੋਂ ਬਾਅਦ ਟੀਮ ਮੰਗਲਵਾਰ ਅੱਧੀ ਰਾਤ ਦੇ ਕਰੀਬ ਮਾਨਸਾ ਪਹੁੰਚੀ। ਇਸ ਤੋਂ ਬਾਅਦ ਬੁੱਧਵਾਰ ਨੂੰ ਜਾਂਚ ਤੇਜ਼ ਕੀਤੀ ਗਈ। ਸੀਬੀਆਈ ਦੀ ਟੀਮ ਪੁਲਸ ਥਾਣੇ ਪਹੁੰਚੀ ਅਤੇ ਮਾਮਲੇ ਨਾਲ ਸਬੰਧਤ ਰਿਕਾਰਡ ਤੇ ਸਬੂਤ ਆਪਣੇ ਕਬਜ਼ੇ ਵਿੱਚ ਲਏ। ਇਸ ਤੋਂ ਇਲਾਵਾ ਟੀਮ ਨੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ।

ਸੀਬੀਆਈ ਦੀ ਫੋਰੈਂਸਿਕ ਟੀਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਤੇ ਵੀ ਪਹੁੰਚੀ, ਜਿੱਥੋਂ ਸੈਂਪਲ ਇਕੱਠੇ ਕੀਤੇ ਗਏ। ਘਟਨਾ ਵਾਲੀ ਥਾਂ ਦੇ ਨੇੜੇ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਜੁੱਤੀਆਂ ਦੀ ਦੁਕਾਨ ਦੀ ਵੀ ਜਾਂਚ ਕੀਤੀ ਗਈ, ਜਿੱਥੇ ਦੱਸਿਆ ਜਾਂਦਾ ਹੈ ਕਿ ਪਰਵਿੰਦਰ ਝੋਟਾ ਆਖ਼ਰੀ ਵਾਰ ਡਿੱਗੇ ਸਨ। ਸੀਬੀਆਈ ਦੀਆਂ ਟੀਮਾਂ ਵੱਲੋਂ ਮਾਮਲੇ ਨਾਲ ਜੁੜੇ ਸਬੂਤਾਂ ਅਤੇ ਹੋਰ ਜਾਣਕਾਰੀਆਂ ਦੀ ਜਾਂਚ ਤੇਜੀ ਨਾਲ ਕੀਤੀ ਜਾ ਰਹੀ ਹੈ।

ਸੀਬੀਆਈ ਨਾਲ ਮੁਲਾਕਾਤ ਤੋਂ ਬਾਅਦ ਝੋਟਾ ਦੀ ਪਤਨੀ ਦਾ ਵੱਡਾ ਬਿਆਨ

ਸੀਬੀਆਈ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਪਰਵਿੰਦਰ ਝੋਟਾ ਦੀ ਧਰਮਪਤਨੀ ਮਨਪ੍ਰੀਤ ਕੌਰ ਨੇ ਨਸ਼ੇ ਵਿਰੁੱਧ ਸਾਂਝੀ ਲੜਾਈ ਲੜਨ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨਸ਼ਾ ਵਧ ਰਿਹਾ ਹੈ ਅਤੇ ਨਸ਼ੇ ਵਿਰੁੱਧ ਆਵਾਜ ਚੁੱਕਣ ਵਾਲਿਆਂ ਦੇ ਨਾਲ ਸਮਾਜ ਨੂੰ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਵਿਅਕਤੀ ਨਸ਼ੇ ਖ਼ਿਲਾਫ਼ ਬੋਲਦਾ ਹੈ ਤਾਂ ਸਾਰਿਆਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਰਿਵਾਰ ਨੇ ਹਾਲੇ ਕਿਸੇ ਗੱਲ ਤੇ ਦਸਤਖ਼ਤ ਨਹੀਂ ਕੀਤੇ ਅਤੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਫ਼ੈਸਲਾ ਨਹੀਂ ਹੋਵੇਗਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਹੋਰ ਔਰਤ ਨੂੰ ਵੀ ਉਨ੍ਹਾਂ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਵੇ।

ਹਸਪਤਾਲ ਦੇ ਬਾਹਰ ਨਿਹੰਗ ਸਿੰਘਾਂ ਦਾ ਪਹਿਰਾ, ਪਰਿਵਾਰ ਦੇ ਫ਼ੈਸਲੇ ਦੀ ਉਡੀਕ

ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਮੋਰਚਰੀ ਦੇ ਬਾਹਰ ਮੌਜੂਦ ਨਿਹੰਗਾਂ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਹਾਲੇ ਇਜਾਜ਼ਤ ਨਹੀਂ ਦਿੱਤੀ ਗਈ। ਪਰਿਵਾਰਕ ਸਹਿਮਤੀ ਤੋਂ ਬਾਅਦ ਹੀ ਮ੍ਰਿਤਕ ਦੇਹ ਨੂੰ ਇੱਥੋਂ ਲਿਜਾਣ ਦਿੱਤਾ ਜਾਵੇਗਾ।

ਇਸ ਦੌਰਾਨ ਝੋਟਾ ਦੇ ਕਰੀਬੀ ਭਾਣਾ ਸਿੱਧੂ ਨੇ ਕਿਹਾ ਕਿ ਪਰਿਵਾਰ ਜੋ ਵੀ ਫ਼ੈਸਲਾ ਕਰੇਗਾ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਹਸਪਤਾਲ ਦੇ ਬਾਹਰ ਵੱਖ-ਵੱਖ ਜਥੇਬੰਦੀਆਂ ਅਤੇ ਸਮਰਥਕ ਮੌਜੂਦ ਹਨ ਅਤੇ ਸਾਰਿਆਂ ਦੀਆਂ ਨਜ਼ਰਾਂ ਪਰਿਵਾਰ ਦੇ ਅਗਲੇ ਫ਼ੈਸਲੇ ਤੇ ਟਿਕੀਆਂ ਹੋਈਆਂ ਹਨ।

ਹੁਣ ਅੱਗੇ ਕੀ ਹੋਵੇਗਾ?

ਇਸ ਸਮੇਂ ਮਾਮਲੇ ਵਿੱਚ ਦੋ ਮੁੱਖ ਪਹਿਲੂ ਹਨ। ਇੱਕ ਪਾਸੇ ਸੀਬੀਆਈ ਵੱਲੋਂ ਇਕੱਠੇ ਕੀਤੇ ਜਾ ਰਹੇ ਸਬੂਤ ਅਤੇ ਦੂਜੇ ਪਾਸੇ ਪੋਸਟਮਾਰਟਮ ਬਾਰੇ ਪਰਿਵਾਰ ਦਾ ਫ਼ੈਸਲਾ। ਸੀਬੀਆਈ ਦੀ ਜਾਂਚ ਨਾਲ ਮਾਮਲੇ ਦੇ ਤੱਥ ਸਾਹਮਣੇ ਆਉਣ ਦੀ ਉਮੀਦ ਹੈ, ਜਦਕਿ ਪੋਸਟਮਾਰਟਮ ਸਬੰਧੀ ਅਗਲੀ ਕਾਰਵਾਈ ਪਰਿਵਾਰ ਅਤੇ ਸੰਗਤ ਦੀ ਸਲਾਹ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਫਿਲਹਾਲ ਪੋਸਟਮਾਰਟਮ ਹੋਣ ਬਾਰੇ ਕੋਈ ਅੰਤਿਮ ਪੁਸ਼ਟੀ ਨਹੀਂ ਹੈ। ਸਭ ਦੀਆਂ ਨਜ਼ਰਾਂ ਪਰਿਵਾਰ ਦੇ ਫੈਸਲੇ ਤੇ ਟਿੱਕੀਆਂ ਹੋਈਆਂ ਹਨ।

Leave a Comment