ਪਾਸਪੋਰਟ ਜਲਦੀ ਬਣਵਾਉਣ ਦੇ ਨਾਂ ਤੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਪ੍ਰਾਈਵੇਟ ਏਜੰਟ ਕਾਬੂ

ਪਾਸਪੋਰਟ ਜਲਦੀ ਬਣਵਾਉਣ ਦੇ ਨਾਂ ਤੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਪ੍ਰਾਈਵੇਟ ਏਜੰਟ ਕਾਬੂ

ਚੰਡੀਗੜ੍ਹ :- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ ਵਿੱਚ ਇੱਕ ਪ੍ਰਾਈਵੇਟ ਪਾਸਪੋਰਟ ਏਜੰਟ ਹਰਦੀਪ ਕੌਰ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਮੁਤਾਬਕ ਮੁਲਜ਼ਮ ਨੇ ਪਾਸਪੋਰਟ ਦਫ਼ਤਰ ਜਲੰਧਰ ਦੇ ਅਧਿਕਾਰੀਆਂ ਨਾਲ ਕਥਿਤ ਜਾਣ-ਪਛਾਣ ਦੇ ਆਧਾਰ ’ਤੇ ਸ਼ਿਕਾਇਤਕਰਤਾ ਦਾ ਪਾਸਪੋਰਟ ਜਲਦੀ ਜਾਰੀ ਕਰਵਾਉਣ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਇਹ ਕਾਰਵਾਈ ਪਿੰਡ ਕੰਡੋਲਾ ਖੁਰਦ, ਤਹਿਸੀਲ ਫਿਲੌਰ ਦੇ ਵਸਨੀਕ ਦੀ ਸ਼ਿਕਾਇਤ ’ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ ਅਤੇ ਉਸ ਦੀ ਪੁਲਸ ਵੈਰੀਫਿਕੇਸ਼ਨ ਮੁਕੰਮਲ ਹੋ ਚੁੱਕੀ ਸੀ। ਜਦੋਂ ਉਹ ਅਸਲ ਦਸਤਾਵੇਜ਼ਾਂ ਨਾਲ ਪਾਸਪੋਰਟ ਦਫ਼ਤਰ ਪਹੁੰਚੀ ਤਾਂ ਉੱਥੇ ਉਸ ਨੂੰ ਵੈਰੀਫਿਕੇਸ਼ਨ ਪੂਰੀ ਨਾ ਹੋਣ ਬਾਰੇ ਦੱਸਿਆ ਗਿਆ। ਦਫ਼ਤਰ ਤੋਂ ਬਾਹਰ ਆਉਣ ’ਤੇ ਦੋ ਪ੍ਰਾਈਵੇਟ ਏਜੰਟਾਂ ਐਨ.ਪੀ. ਸਿੰਘ ਅਤੇ ਹਰਦੀਪ ਕੌਰ ਨੇ ਉਸ ਨਾਲ ਸੰਪਰਕ ਕੀਤਾ। ਵਿਜੀਲੈਂਸ ਅਨੁਸਾਰ ਦੋਵਾਂ ਨੇ ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਪਾਸਪੋਰਟ ਜਲਦੀ ਜਾਰੀ ਕਰਵਾਉਣ ਲਈ 35,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਇਸ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਅਤੇ ਬਾਅਦ ਵਿੱਚ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨੂੰ ਸ਼ਿਕਾਇਤ ਦਿੱਤੀ।

ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਜਾਲ ਵਿਛਾਇਆ। ਇਸ ਦੌਰਾਨ ਹਰਦੀਪ ਕੌਰ ਨੂੰ ਸ਼ਿਕਾਇਤਕਰਤਾ ਤੋਂ 20,000 ਰੁਪਏ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਵਿਜੀਲੈਂਸ ਮੁਤਾਬਕ ਮਾਮਲੇ ਵਿੱਚ ਦੂਜੇ ਮੁਲਜ਼ਮ ਨਰਿੰਦਰ ਪਾਲ ਸਿੰਘ ਉਰਫ਼ ਐਨ.ਪੀ. ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਇਸ ਦੇ ਨਾਲ ਹੀ ਅਗਲੀ ਜਾਂਚ ਦੌਰਾਨ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇਗੀ।