ਪੰਜਾਬ ‘ਚ CBI ਨੇ ਕੀਤੀ ਛਾਪੇਮਾਰੀ, CM ਮਾਨ ਦੇ ਕੈਂਪ ਆਫਿਸ ਸਮੇਤ 8 ਥਾਵਾਂ ਤੇ ਰੇਡ

ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ CBI-ED ਦੀ ਦੁਰਵਰਤੋਂ ਕਰੇਗੀ ਭਾਜਪਾ – CM ਮਾਨ

ਚੰਡੀਗੜ੍ਹ :- ਪੰਜਾਬ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਇਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਚੰਡੀਗੜ੍ਹ ਸਥਿਤ ਕੈਂਪ ਆਫਿਸ ਅਤੇ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁਮੰਨ ਨਾਲ ਜੁੜੀਆਂ ਦੋ ਥਾਵਾਂ ਸ਼ਾਮਲ ਹਨ।

ਅੱਪਡੇਟ – CBI ਨੇ ਅਧਿਕਾਰਿਤ ਬਿਆਨ ਦਿੱਤਾ ਹੈ। CBI ਨੇ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਸਮੇਤ 6 ਲੋਕਾਂ ਖ਼ਿਲਾਫ਼ FIR ਦਰਜ ਕਰਕੇ ਨਾਮਜ਼ਦ ਕੀਤਾ ਹੈ ਤੇ ਇਸ ਤੋਂ ਇਲਾਵਾ ਕੁਝ ਅਣਪਛਾਤੇ ਸਰਕਾਰੀ ਅਤੇ ਨਿੱਜੀ ਵਿਅਕਤੀਆਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਅਧਿਕਾਰਿਤ ਪੁਸ਼ਟੀ ਚ CBI ਨੇ ਪੰਜਾਬ ਅਤੇ ਚੰਡੀਗੜ੍ਹ ਦੇ ਕੁੱਲ 8 ਟਿਕਾਣਿਆਂ ਤੇ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ।

FIR ਵਿੱਚ ਸ਼ਾਮਲ ਨਾਮ:

  • ਰਾਜਬੀਰ ਸਿੰਘ ਘੁੰਮਣ
  • ਨਿਤਿਨ ਗੋਹਲ
  • ਜਿਤਿਨ ਗੋਹਲ ਉਰਫ਼ ਰਾਜਾ
  • ਰੋਮੀ ਰਾਜਾ ਮਹਾਜਨ
  • ਬੀਰ ਦਵਿੰਦਰ
  • ਆਰ.ਐੱਸ. ਨਾਗਰਾ

ਜਿਨ੍ਹਾਂ ਥਾਵਾਂ ਤੇ CBI ਨੇ ਛਾਪੇਮਾਰੀ ਕੀਤੀ:

  • ਮੁੱਖ ਮੰਤਰੀ ਦਾ ਕੈਂਪ ਆਫ਼ਿਸ, ਸੈਕਟਰ-2, ਚੰਡੀਗੜ੍ਹ
  • ਰਾਜਬੀਰ ਸਿੰਘ ਘੁੰਮਣ ਦੀ ਰਿਹਾਇਸ਼, ਪਿੰਡ ਘਰਾਚੋਂ, ਸੰਗਰੂਰ
  • ਗੁਰਕਿਰਪਾਲ ਸਿੰਘ ਥਿੰਦ ਦੀ ਰਿਹਾਇਸ਼, ਫੇਜ਼-11, ਮੁਹਾਲੀ
  • ਨਿਤਿਨ ਗੋਹਲ ਦਾ ਟਿਕਾਣਾ, ਖਰੜ
  • ਰੋਮੀ ਰਾਜਾ ਮਹਾਜਨ ਦਾ ਟਿਕਾਣਾ, ਗੁਰਦਾਸਪੁਰ
  • ਜਿਤਿਨ ਗੋਹਲ ਉਰਫ਼ ਰਾਜਾ ਦਾ ਟਿਕਾਣਾ, ਜਲੰਧਰ
  • ਆਰ.ਐੱਸ. ਨਾਗਰਾ ਦਾ ਟਿਕਾਣਾ, ਪਟਿਆਲਾ
  • ਇੱਕ ਹੋਰ ਸਹਿਯੋਗੀ ਦਾ ਟਿਕਾਣਾ, ਲੁਧਿਆਣਾ

ਸੈਕਟਰ-2 ਦੀ ਕੋਠੀ ਨੰਬਰ 50 ਤੇ CBI ਦੀ ਰੇਡ

ਚੰਡੀਗੜ੍ਹ ਦੇ ਸੈਕਟਰ-2 ਵਿਖੇ ਮੌਜੂਦ ਕੋਠੀ ਨੰਬਰ 50, ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫਿਸ ਵਜੋਂ ਵਰਤੀ ਜਾਂਦੀ ਹੈ ਵਿੱਚ CBI ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਛਾਪੇਮਾਰੀ ਦੌਰਾਨ ਕੀ ਕਾਰਵਾਈ ਕੀਤੀ ਗਈ ਅਤੇ ਕੀ ਕੁਝ ਮਿਲਿਆ, ਇਸ ਬਾਰੇ ਅਜੇ ਵਿਸਥਾਰਤ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

OSD ਰਾਜਬੀਰ ਘੁਮੰਨ ਤੇ ਓਹਨਾ ਦੇ ਰਿਸ਼ਤੇਦਾਰ ਦੇ ਘਰ ਰੇਡ

CBI ਦੀਆਂ ਟੀਮਾਂ ਨੇ ਸੰਗਰੂਰ ਦੇ ਪਿੰਡ ਘਰਾਚੋਂ ਵਿੱਚ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁਮੰਨ ਦੇ ਨਿੱਜੀ ਨਿਵਾਸ ਤੇ ਵੀ ਰੇਡ ਕੀਤੀ ਹੈ। ਇਸ ਤੋਂ ਇਲਾਵਾ ਮੋਹਾਲੀ ਦੇ ਫੇਜ਼-11 ਵਿੱਚ ਰਾਜਬੀਰ ਸਿੰਘ ਘੁਮੰਨ ਦੇ ਨਜ਼ਦੀਕੀ ਰਿਸ਼ਤੇਦਾਰ ਗੁਰ ਕਿਰਪਾਲ ਸਿੰਘ ਥਿੰਦ ਦੇ ਘਰ ਤੇ ਵੀ CBI ਦੀ ਟੀਮ ਪਹੁੰਚੀ ਹੈ।

ਇਸ ਤਰ੍ਹਾਂ CBI ਦੀ ਕਾਰਵਾਈ ਚੰਡੀਗੜ੍ਹ ਦੇ CM ਕੈਂਪ ਆਫਿਸ ਤੋਂ ਇਲਾਵਾ ਸੰਗਰੂਰ ਅਤੇ ਮੋਹਾਲੀ ਦੀਆਂ ਇਨ੍ਹਾਂ ਦੋ ਥਾਵਾਂ ਤੇ ਹੋਣ ਦੀ ਜਾਣਕਾਰੀ ਮਿਲੀ ਹੈ।

CBI ਰੇਡ ਤੇ CM ਮਾਨ ਨੇ BJP ਨੂੰ ਘੇਰਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੈਂਪ ਆਫਿਸ ਵਿੱਚ CBI ਦੀ ਰੇਡ ਹੋਣ ਦਾ ਦਾਅਵਾ ਕਰਦਿਆਂ ਇਸ ਕਾਰਵਾਈ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਪੋਸਟ ਕਰਕੇ ਭਾਜਪਾ ’ਤੇ ਨਿਸ਼ਾਨਾ ਸਾਧਿਆ।

ਮਾਨ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ED ਅਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ, ਤਾਂ ਜੋ ਪੰਜਾਬ ਸਰਕਾਰ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਭਾਜਪਾ ਘਬਰਾਹਟ ਵਿੱਚ ਹੈ।

CBI ਦੀ ਕਾਰਵਾਈ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ

ਫਿਲਹਾਲ CBI ਵੱਲੋਂ ਇਸ ਕਾਰਵਾਈ ਸਬੰਧੀ ਕੋਈ ਵਿਸਥਾਰਤ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਛਾਪੇਮਾਰੀ ਕਿਸ ਮਾਮਲੇ ਵਿੱਚ ਕੀਤੀ ਗਈ ਹੈ ਅਤੇ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਇਆ, ਇਸ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।

Leave a Comment