ਫਾਜ਼ਿਲਕਾ, ਮਾਨਸਾ ਤੇ ਮਲੋਟ ’ਚ ਝੋਨਾ ਭਿੱਜਣ ਕਾਰਨ ਨੁਕਸਾਨ ਦਾ ਖ਼ਦਸ਼ਾ, ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ
ਕਰਨਵੀਰ ਸਿੰਘ :- ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਐਤਵਾਰ ਤੜਕਸਾਰ ਹੋਈ ਬਾਰਿਸ਼ ਕਾਰਨ ਫਾਜ਼ਿਲਕਾ, ਮਾਨਸਾ ਤੇ ਮਲੋਟ ਦੀ ਦਾਣਾ ਮੰਡੀ ਵਿੱਚ ਪਾਣੀ ਭਰ ਗਿਆ ਤੇ ਝੋਨੇ ਦੀਆਂ ਢੇਰੀਆਂ ਪਾਣੀ ਵਿੱਚ ਡੁੱਬ ਗਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਫ਼ਸਲ ਮੰਡੀ ਵਿੱਚ ਪਈ ਹੈ, ਪਰ ਹਾਲੇ ਤੱਕ ਖਰੀਦ ਨਹੀਂ ਹੋਈ। ਇਸ ਦੌਰਾਨ ਮੀਂਹ ਪੈਣ ਨਾਲ ਉਨ੍ਹਾਂ ਦੀ ਮਹੀਨਿਆਂ ਦੀ ਮਿਹਨਤ ਖ਼ਰਾਬ ਹੋਣ ਦਾ ਖ਼ਦਸ਼ਾ ਬਣ ਗਿਆ ਹੈ।
ਫਾਜ਼ਿਲਕਾ ਮੰਡੀ ’ਚ ਤਿੰਨ ਫੁੱਟ ਤੱਕ ਭਰਿਆ ਪਾਣੀ
ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਮੀਂਹ ਮਗਰੋਂ ਹਾਲਾਤ ਮੰਡੀ ਵਿੱਚ ਪਾਣੀ ਭਰਨ ਕਾਰਨ ਖੁੱਲ੍ਹੇ ਵਿੱਚ ਪਈ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ ਤੇ ਝੋਨੇ ਦੀਆਂ ਢੇਰੀਆਂ ਪਾਣੀ ਵਿੱਚ ਡੁੱਬੀਆਂ ਨਜ਼ਰ ਆਈਆਂ। ਕਿਸਾਨਾਂ ਨੇ ਚਿੰਤਾ ਜਾਹਿਰ ਕਰਦੇ ਕਿਹਾਦਾ ਕਿ ਦੁਪਹਿਰ ਬਾਅਦ ਵੀ ਪਾਣੀ ਦੀ ਨਿਕਾਸੀ ਨਹੀਂ ਕਿਸੇ ਪਾਸੋਂ ਨਹੀਂ ਹੋ ਪਾਈ, ਕਿਤੇ ਨਾ ਕਿਤੇ ਪ੍ਰਸ਼ਾਸਨਿਕ ਪ੍ਰਬੰਧਾ ਤੇ ਹੈ।
ਮਾਨਸਾ ਤੇ ਮਲੋਟ ਵਿੱਚ ਵੀ ਕਿਸਾਨਾਂ ਦੀਆਂ ਮੁਸ਼ਕਲਾਂ
ਮਾਨਸਾ ਅਤੇ ਮਲੋਟ ਦੀਆਂ ਮੰਡੀਆਂ ਵਿੱਚ ਵੀ ਕਿਸਾਨਾਂ ਵੱਲੋਂ ਫ਼ਸਲ ਦੀ ਖਰੀਦ ਵਿੱਚ ਦੇਰੀ ਅਤੇ ਲੰਬੇ ਸਮੇਂ ਤੋਂ ਝੋਨਾ ਪਿਆ ਰਹਿਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਕਿਸਾਨਾਂ ਅਨੁਸਾਰ, ਕੁਝ ਥਾਵਾਂ ਤੇ 8 ਤੋਂ 10 ਦਿਨ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਝੋਨੇ ਦੀ ਖਰੀਦ ਨਹੀਂ ਹੋਈ। ਮਲੋਟ ਮੰਡੀ ਚ ਮੌਜੂਦ ਕਿਸਾਨ ਬਲਕਾਰ ਸਿੰਘ ਕਿਹਾ ਕੇ ਉਸਦਾ ਲਗਭਗ 50 ਮਣ ਝੋਨਾ ਮੀਂਹ ਕਾਰਣ ਰੁੜ ਗਿਆ ਹੈ।
ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ
ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਤਿਆਰ ਕਰਨ ਲਈ ਉਨ੍ਹਾਂ ਨੇ ਕਈ ਮਹੀਨੇ ਮਿਹਨਤ ਕੀਤੀ ਅਤੇ ਖੇਤੀ ਤੇ ਖ਼ਰਚਾ ਕੀਤਾ, ਪਰ ਮੰਡੀ ਵਿੱਚ ਫ਼ਸਲ ਦੀ ਸਮੇਂ ਸਿਰ ਖਰੀਦ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਧੂ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਹੁਣ ਮੀਂਹ ਕਾਰਨ ਝੋਨਾ ਭਿੱਜਣ ਨਾਲ ਨੁਕਸਾਨ ਦਾ ਖ਼ਦਸ਼ਾ ਹੋਰ ਵਧ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ, ਫ਼ਸਲ ਦੀ ਖਰੀਦ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਨੁਕਸਾਨ ਦਾ ਜਾਇਜ਼ਾ ਲੈ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸ ਦੇ ਨਾਲ ਹੀ ਮੰਡੀਆਂ ਵਿੱਚ ਪਈ ਫ਼ਸਲ ਦੀ ਜਲਦੀ ਖਰੀਦ ਅਤੇ ਚੁਕਾਈ ਯਕੀਨੀ ਬਣਾਉਣ ਦੀ ਲੋੜ ਹੈ, ਤਾਂ ਜੋ ਕਿਸਾਨਾਂ ਨੂੰ ਹੋਰ ਨੁਕਸਾਨ ਨਾ ਝੱਲਣਾ ਪਵੇ।