ਚੰਡੀਗੜ੍ਹ :- ਮਹਿਲਾ ਵੱਲੋਂ ਲਗਾਏ ਜਬਰ ਜਨਾਹ ਦੇ ਦੋਸ਼ਾਂ ਦੇ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਦੀ ਭਾਲ ਵਿੱਚ ਸ੍ਰੀ ਆਨੰਦਪੁਰ ਸਾਹਿਬ ਪੁਲਸ ਨੇ ਐਤਵਾਰ ਸਵੇਰੇ ਲੁਧਿਆਣਾ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਪੁਲਸ ਟੀਮ ਮਾਡਲ ਟਾਊਨ ਐਕਸਟੈਂਸ਼ਨ ਦੀ ਵੀਆਈਪੀ ਲੇਨ ਨੇੜੇ ਸਥਿਤ ਚਾਵਲਾ ਦੇ ਘਰ ਕਰੀਬ ਸਾਢੇ 8 ਵਜੇ ਪਹੁੰਚੀ, ਪਰ ਉਹ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸਨ। ਇਸ ਦੌਰਾਨ ਪੁਲਸ ਨੇ ਉਨ੍ਹਾਂ ਦੀ ਪਤਨੀ ਤੋਂ ਪੁੱਛਗਿੱਛ ਕੀਤੀ।
ਪੁਲਸ ਦੀ ਇਹ ਕਾਰਵਾਈ ਉਸ ਮਾਮਲੇ ਦੀ ਜਾਂਚ ਦਾ ਹਿੱਸਾ ਹੈ, ਜਿਸ ਵਿੱਚ ਬਹਿਰੀਨ ਰਹਿੰਦੀ ਇੱਕ ਮਹਿਲਾ ਨੇ ਚਾਵਲਾ ’ਤੇ ਜਬਰ ਜਨਾਹ ਦੇ ਦੋਸ਼ ਲਗਾਏ ਹਨ। ਐੱਫਆਈਆਰ ਮੁਤਾਬਕ ਮਹਿਲਾ ਪਿਛਲੇ ਕਰੀਬ 25 ਸਾਲਾਂ ਤੋਂ ਬਹਿਰੀਨ ਵਿੱਚ ਰਹਿ ਰਹੀ ਹੈ ਅਤੇ ਮਾਲਵਾ ਖੇਤਰ ਨਾਲ ਸਬੰਧਤ ਹੈ। ਉਸ ਨੇ ਦੱਸਿਆ ਕਿ ਉਹ ਧਾਰਮਿਕ ਯਾਤਰਾ ਲਈ ਸ੍ਰੀ ਆਨੰਦਪੁਰ ਸਾਹਿਬ ਆਈ ਸੀ। ਐੱਫਆਈਆਰ ਵਿੱਚ ਕਥਿਤ ਘਟਨਾਵਾਂ ਦਾ ਸਮਾਂ 27 ਫਰਵਰੀ ਤੋਂ 19 ਅਗਸਤ 2026 ਤੱਕ ਦੱਸਿਆ ਗਿਆ ਹੈ।
ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਚਾਵਲਾ ਉਸ ਨੂੰ ਵੱਖ-ਵੱਖ ਸਰਾਵਾਂ ਅਤੇ ਕਮਰਿਆਂ ਵਿੱਚ ਲੈ ਕੇ ਗਿਆ, ਜਿੱਥੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਵਿਰੋਧ ਕਰਨ ’ਤੇ ਉਸ ਨੂੰ ਧਮਕਾਇਆ ਜਾਂਦਾ ਸੀ। ਸ਼ਿਕਾਇਤ ਮੁਤਾਬਕ ਉਹ ਇਨ੍ਹਾਂ ਘਟਨਾਵਾਂ ਤੋਂ ਇੰਨੀ ਪਰੇਸ਼ਾਨ ਹੋ ਗਈ ਕਿ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਇੱਕ ਸੇਵਾਦਾਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿਸ ਨਾਲ ਉਸ ਦੀ ਜਾਨ ਬਚ ਗਈ।
ਮਹਿਲਾ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦਾਅਵਾ ਕੀਤਾ ਕਿ ਉਸ ਨੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਕੁਝ ਹੋਰ ਪੰਥਕ ਹਸਤੀਆਂ ਤੱਕ ਮਾਮਲਾ ਪਹੁੰਚਾਇਆ ਸੀ। ਉਸ ਮੁਤਾਬਕ ਉੱਥੋਂ ਇਨਸਾਫ਼ ਨਾ ਮਿਲਣ ਤੋਂ ਬਾਅਦ ਉਸ ਨੇ ਪੁਲਸ ਕੋਲ ਸ਼ਿਕਾਇਤ ਕੀਤੀ।
ਐਤਵਾਰ ਨੂੰ ਚਾਵਲਾ ਦੇ ਘਰ ਹੋਈ ਪੁਲਸ ਕਾਰਵਾਈ ਦੌਰਾਨ ਕੀ ਕੁਝ ਮਿਲਿਆ ਜਾਂ ਕੋਈ ਸਬੂਤ ਬਰਾਮਦ ਹੋਇਆ, ਇਸ ਬਾਰੇ ਅਧਿਕਾਰੀਆਂ ਵੱਲੋਂ ਅਜੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਗਈ। ਪੁਲਸ ਮਾਮਲੇ ਨਾਲ ਜੁੜੇ ਤੱਥਾਂ ਦੀ ਜਾਂਚ ਕਰ ਰਹੀ ਹੈ। ਚਾਵਲਾ ’ਤੇ ਲੱਗੇ ਦੋਸ਼ਾਂ ਸਬੰਧੀ ਅੰਤਿਮ ਤਸਵੀਰ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।