ਚੰਡੀਗੜ੍ਹ :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਅਕਤੂਬਰ ਨੂੰ ਹੋਣ ਵਾਲੇ ਪੰਜਾਬ ਦੌਰੇ ਦੇ ਪ੍ਰੋਗਰਾਮ ਵਿੱਚ ਤਬਦੀਲੀ ਕੀਤੀ ਗਈ ਹੈ। ਦੌਰੇ ਦਾ ਨਵਾਂ ਸ਼ਡਿਊਲ ਜਾਰੀ ਹੋਇਆ ਹੈ। ਨਵੀਂ ਸਮੇਂ ਸਾਰਣੀ ਅਨੁਸਾਰ ਹੁਣ ਉਹ ਪਹਿਲਾਂ ਗੁਰਦਾਸਪੁਰ ਪਹੁੰਚ ਕੇ ਕਤਲ ਕੀਤੇ ਗਏ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੌਰੇ ਦੀ ਸ਼ੁਰੂਆਤ ਮਾਨਸਾ ਤੋਂ ਹੋਣੀ ਤੈਅ ਕੀਤੀ ਸੀ, ਜਿੱਥੇ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਆਵਾਜ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣਾ ਸੀ।
ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਤਾਜ਼ਾ ਸ਼ਡਿਊਲ
- ਦੁਪਹਿਰ 12:15 ਵਜੇ: ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ — ਪਿੰਡ ਮਾੜੀ ਪੰਨਵਾਂ, ਸ੍ਰੀ ਹਰਗੋਬਿੰਦਪੁਰ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
- ਦੁਪਹਿਰ 2:15 ਵਜੇ: ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ — ਹਰਦਮ ਪੱਟੀ, ਪਿੰਡ ਤੂਰ ਬੰਜਾਰਾ, ਜ਼ਿਲ੍ਹਾ ਸੰਗਰੂਰ।
- ਦੁਪਹਿਰ 3:45 ਵਜੇ: ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ — ਵਾਰਡ ਨੰਬਰ 21, ਵਾਟਰ ਵਰਕਸ ਰੋਡ, ਮਾਨਸਾ।
- ਸ਼ਾਮ 4:30 ਵਜੇ: ਮੀਡੀਆ ਨਾਲ ਗੱਲਬਾਤ — ਲੁਧਿਆਣਾ।
- ਸ਼ਾਮ 5:00 ਵਜੇ: ਵਿਜੈਦਸ਼ਮੀ ਸਮਾਗਮ ਵਿੱਚ ਸ਼ਮੂਲੀਅਤ — ਰਾਮਲੀਲਾ ਮੈਦਾਨ, ਦਰੇਸੀ ਰੋਡ, ਲੁਧਿਆਣਾ।
ਨਵੇਂ ਪ੍ਰੋਗਰਾਮ ਅਨੁਸਾਰ ਗੁਰਦਾਸਪੁਰ ਤੋਂ ਬਾਅਦ ਅਮਿਤ ਸ਼ਾਹ ਸੰਗਰੂਰ ਜਾਣਗੇ। ਉੱਥੇ ਉਹ ਗੁਲਜ਼ਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਗ੍ਰਹਿ ਮੰਤਰੀ ਮਾਨਸਾ ਪਹੁੰਚਣਗੇ, ਜਿੱਥੇ ਪੌਣੇ 4 ਵਜੇ ਦੇ ਕਰੀਬ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਦਾ ਪ੍ਰੋਗਰਾਮ ਹੈ।
ਇਹ ਵੀ ਪੜ੍ਹੋ :-ਪਰਵਿੰਦਰ ਸਿੰਘ ਝੋਟਾ ਦੇ ਪਿਤਾ ਵਲੋਂ ਅਮਿਤ ਸ਼ਾਹ ਦਾ ਸਵਾਗਤ, ਕਿਹਾ ਧਰਨੇ ਤੇ ਆਉਣ ਦੀ ਬਜਾਏ ਸਾਨੂੰ ਨਿੱਜੀ ਤੌਰ ਤੇ ਮਿਲਣ
ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਅਤੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਹੋਇਆ ਸੀ, ਜਦਕਿ ਸੰਗਰੂਰ ਦੇ ਗੁਲਜ਼ਾਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ। ਜਾਣਕਾਰੀ ਅਨੁਸਾਰ ਇਹ ਤਿੰਨੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕ ਰਹੇ ਸਨ। ਇਨ੍ਹਾਂ ਪਰਿਵਾਰਾਂ ਨਾਲ ਅਮਿਤ ਸ਼ਾਹ ਦੀਆਂ ਮੁਲਾਕਾਤਾਂ ਨੂੰ ਉਨ੍ਹਾਂ ਦੇ ਪੰਜਾਬ ਦੌਰੇ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।
ਦੌਰੇ ਦੇ ਅਖ਼ੀਰ ਵਿੱਚ ਅਮਿਤ ਸ਼ਾਹ ਲੁਧਿਆਣਾ ਦੇ ਦਰੇਸੀ ਦੁਸਹਿਰਾ ਮੈਦਾਨ ਪਹੁੰਚਣਗੇ, ਜਿੱਥੇ ਉਹ ਰਾਵਣ ਦਹਨ ਕਰਨਗੇ। ਪਹਿਲਾਂ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਗ੍ਰਹਿ ਮੰਤਰੀ ਨੇ ਸਭ ਤੋਂ ਪਹਿਲਾਂ ਮਾਨਸਾ, ਫਿਰ ਸੰਗਰੂਰ ਅਤੇ ਅਖ਼ੀਰ ਵਿੱਚ ਗੁਰਦਾਸਪੁਰ ਜਾਣਾ ਸੀ। ਹੁਣ ਪ੍ਰੋਗਰਾਮ ਵਿੱਚ ਤਬਦੀਲੀ ਕਰਦਿਆਂ ਗੁਰਦਾਸਪੁਰ ਨੂੰ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ।