ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਦੇ ਨਿੱਜੀ ਸਹਾਇਕ (ਪੀਏ) ਮਨਿੰਦਰ ਸਿੰਘ ਸਮੇਤ 5 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹਨ। ਪੁਲਸ ਨੇ ਮਾਮਲੇ ਵਿੱਚ ਧਾਰਾ 307 ਤਹਿਤ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ।
17 ਅਕਤੂਬਰ ਨੂੰ ਵਾਪਰੀ ਸੀ ਘਟਨਾ
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ 17 ਅਕਤੂਬਰ ਦੀ ਹੈ। ਕੱਥੂ ਨੰਗਲ ਨੇੜਲੇ ਪਿੰਡ ਪਾਖਰਪੁਰਾ ਦਾ ਰਹਿਣ ਵਾਲਾ ਅਸ਼ਵਨੀ ਕੁਮਾਰ ਰਾਮਬਾਗ ਇਲਾਕੇ ਵਿੱਚ ਇੱਕ ਚਰਚ ਦੇ ਨੇੜੇ ਸਥਿਤ ਮਾਰਕੀਟ ਵਿੱਚ ਖਰੀਦਦਾਰੀ ਕਰਨ ਗਿਆ ਸੀ। ਇਸ ਦੌਰਾਨ ਸੁੱਚਾ ਸਿੰਘ, ਉਸ ਦੇ ਜਵਾਈ ਮਨਿੰਦਰ ਸਿੰਘ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਉਸ ’ਤੇ ਹਮਲਾ ਕੀਤੇ ਜਾਣ ਦਾ ਦੋਸ਼ ਹੈ। ਇਸ ਘਟਨਾ ਵਿੱਚ ਅਸ਼ਵਨੀ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਸੀ।
ਇਹ ਵੀ ਪੜ੍ਹੋ :- ਪੱਤਰਕਾਰਾਂ ਵੱਲੋਂ ਡੀ.ਸੀ.ਪੀ. ਦਫ਼ਤਰ ਬਾਹਰ ਧਰਨਾ, ‘ਆਪ’ ਆਗੂ ਦੇ ਪੁੱਤਰ ਤੇ ਕੈਮਰਾਮੈਨ ਨਾਲ ਕੁੱਟਮਾਰ ਤੇ ਬਦਸਲੂਕੀ ਦੇ ਦੋਸ਼!
ਸਾਢੇ ਚਾਰ ਲੱਖ ਰੁਪਏ ਵਾਪਸ ਮੰਗਣ ਤੇ ਵਿਵਾਦ
ਮਾਮਲੇ ਪਿੱਛੇ ਪੈਸਿਆਂ ਦਾ ਲੈਣ-ਦੇਣ ਹੋਣ ਦੀ ਗੱਲ ਸਾਹਮਣੇ ਆਈ ਹੈ। ਅਸ਼ਵਨੀ ਕੁਮਾਰ ਦੇ ਦੱਸਣ ਮੁਤਾਬਕ, ਸੁੱਚਾ ਸਿੰਘ ਨੇ ਉਸ ਤੋਂ ਪਹਿਲਾਂ ਸਾਢੇ ਚਾਰ ਲੱਖ ਰੁਪਏ ਉਧਾਰ ਲਏ ਸਨ। ਜਦੋਂ ਉਸ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਕਥਿਤ ਤੌਰ ’ਤੇ ਉਸ ਨੂੰ ਲਗਾਤਾਰ ਟਾਲਿਆ ਜਾਂਦਾ ਰਿਹਾ। ਇਸੇ ਵਿਵਾਦ ਕਾਰਨ ਉਸ ’ਤੇ ਹਮਲਾ ਕੀਤੇ ਜਾਣ ਦਾ ਦੋਸ਼ ਲਾਇਆ ਗਿਆ ਹੈ।
ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸੁੱਚਾ ਸਿੰਘ ਅਤੇ ਮਨਿੰਦਰ ਸਿੰਘ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਵਿੱਚ ਜਾਂਚ ਜਾਰੀ ਹੈ। ਹਾਲਾਂਕਿ, ਘਟਨਾ ਦੇ ਸਾਰੇ ਤੱਥਾਂ ਅਤੇ ਮੁਲਜ਼ਮਾਂ ਦੇ ਪੱਖ ਬਾਰੇ ਅਧਿਕਾਰਤ ਜਾਂਚ ਤੋਂ ਬਾਅਦ ਹੀ ਹੋਰ ਸਪੱਸ਼ਟਤਾ ਆਵੇਗੀ।