ਟਾਈਗਰ ਸ਼ਰਾਫ ਤੇ ਫਾਇਰਿੰਗ ਮਗਰੋਂ ਮੁੰਬਈ ਪੁਲਸ ਨੇ 15 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ, ਲਾਰੈਂਸ ਬਿਸ਼ਨੋਈ ਗੈਂਗ ਨੇ ਜਿੰਮੇਵਾਰੀ ਲਈ!

ਮੁੰਬਈ :- ਮੁੰਬਈ ਦੇ ਜੁਹੂ ਇਲਾਕੇ ਵਿੱਚ ਅਦਾਕਾਰ ਟਾਈਗਰ ਸ਼ਰਾਫ ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਨੇ ਇੱਕ ਵਾਰ ਫੇਰ ਤੋਂ ਫਿਲਮ ਜਗਤ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਐਤਵਾਰ ਸ਼ਾਮ ਵਾਪਰੀ ਇਸ ਘਟਨਾ ਵਿੱਚ ਟਾਈਗਰ ਸ਼ਰਾਫ ਵਾਲ-ਵਾਲ ਬਚ ਗਏ, ਜਦਕਿ ਉਨ੍ਹਾਂ ਦੇ ਡਰਾਈਵਰ ਤੇ ਇੱਕ ਹੋਰ ਚੌਹਾਨ ਨਾਮਕ ਵਿਅਕਤੀ ਜਖਮੀ ਹੋਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੰਬਈ ਪੁਲਸ ਨੇ ਜਾਂਚ ਲਈ 15 ਵਿਸ਼ੇਸ਼ ਟੀਮਾਂ ਬਣਾਈਆਂ ਹਨ। ਹਮਲਾਵਰਾਂ ਦੀ ਪਛਾਣ ਕਰਨ ਦੇ ਨਾਲ-ਨਾਲ ਫਾਇਰਿੰਗ ਪਿੱਛੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਦਾ ਦਾਅਵਾ

ਇਸੇ ਵਿਚਕਾਰ ਸੋਸ਼ਲ ਮੀਡੀਆ ਤੇ ਇੱਕ ਸਕ੍ਰੀਨਸ਼ਾਟ ਸਾਹਮਣੇ ਆਇਆ ਹੈ, ਜਿਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਇਸ ਦਾਅਵੇ ਦੀ ਪੁਸ਼ਟੀ ਹੋਣੀ ਬਾਕੀ ਹੈ।

ਫੁੱਟਬਾਲ ਮੈਦਾਨ ਤੋਂ ਬਾਹਰ ਨਿਕਲਦੇ ਸਮੇਂ ਹੋਈ ਫਾਇਰਿੰਗ

ਜਾਣਕਾਰੀ ਅਨੁਸਾਰ ਸ਼ਾਮ ਨੂੰ ਜਦੋਂ ਟਾਈਗਰ ਸ਼ਰਾਫ ਇੱਕ ਫੁੱਟਬਾਲ ਮੈਦਾਨ ਤੋਂ ਬਾਹਰ ਆ ਰਹੇ ਸਨ, ਓਥੇ ਹੀ ਲੋਕਾਂ ਦਾ ਵੀ ਇਕੱਠ ਦੇਖਣ ਨੂੰ ਮਿਲ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀਆਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ, ਖੁਸ਼ਕਿਸਮਤੀ ਨਾਲ ਟਾਈਗਰ ਦੇ ਕੋਈ ਗੋਲੀ ਨਾ ਲੱਗੀ, ਪਰ ਉਨ੍ਹਾਂ ਦਾ ਡਰਾਈਵਰ ਦੇ ਹੱਥ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।

ਸਲਮਾਨ ਖਾਨ ਨਾਲ ਸੰਬਧ ਹੋਣ ਕਾਰਨ ਕੀਤਾ ਹਮਲਾ

ਸੋਸ਼ਲ ਮੀਡੀਆ ਤੇ ਸਾਹਮਣੇ ਆਏ ਸਕ੍ਰੀਨਸ਼ਾਟ ਵਿੱਚ ਅਨਿਲ ਪੰਡਿਤ ਨਾਮ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਟਾਈਗਰ ਸ਼ਰਾਫ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਨੇ ਗੈਂਗ ਦੇ ਕਥਿਤ ਨਿਰਦੇਸ਼ਾਂ ਨੂੰ ਅਣਗੌਲਿਆ ਕਰਦਿਆਂ ਸਲਮਾਨ ਖਾਨ ਨਾਲ ਕੰਮ ਕਰਨਾ ਜਾਰੀ ਰੱਖਿਆ। ਇਸ ਪੋਸਟ ਵਿੱਚ ਫਿਲਮ ਜਗਤ ਦੇ ਉਨ੍ਹਾਂ ਹੋਰ ਲੋਕਾਂ ਨੂੰ ਵੀ ਧਮਕੀ ਦਿੱਤੀ ਗਈ ਹੈ, ਜੋ ਸਲਮਾਨ ਖਾਨ ਨਾਲ ਕੰਮ ਕਰਦੇ ਹਨ। ਇਹ ਸੋਸ਼ਲ ਮੀਡੀਆ ਪੋਸਟ ਵਿੱਚ ਕੀਤੇ ਗਏ ਦਾਅਵੇ ਹਨ, ਜਿਨ੍ਹਾਂ ਦੀ ਸੁਤੰਤਰ ਪੁਸ਼ਟੀ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਗਈ।

1001031571

ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ ਲਾਰੈਂਸ ਬਿਸ਼ਨੋਈ

ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਉਹ ਪਹਿਲਾਂ ਵੀ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਹੈ। ਬਿਸ਼ਨੋਈ ਗੈਂਗ ਵੱਲੋਂ ਸਲਮਾਨ ਖਾਨ ਨਾਲ ਜੁੜੇ ਲੋਕਾਂ ਨੂੰ ਵੀ ਧਮਕਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਹਾਲਾਂਕਿ, ਟਾਈਗਰ ਸ਼ਰਾਫ ਤੇ ਹੋਈ ਫਾਇਰਿੰਗ ਵਿੱਚ ਗੈਂਗ ਦੀ ਅਸਲ ਭੂਮਿਕਾ ਬਾਰੇ ਜਾਂਚ ਦੇ ਨਤੀਜਿਆਂ ਦੀ ਉਡੀਕ ਹੈ।

ਮੁੰਬਈ ਪੁਲਸ ਦਾ ਬਿਆਨ ਆਇਆ ਸਾਹਮਣੇ

ਡੀਸੀਪੀ ਮੋਹਿਤ ਗਰਗ ਮੁਤਾਬਕ, ਫਾਇਰਿੰਗ ਦੀ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਟਾਈਗਰ ਸ਼ਰਾਫ ਦਾ ਡਰਾਈਵਰ ਹੈ, ਜਿਸ ਦੇ ਹੱਥ ਤੇ ਸੱਟ ਲੱਗੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਦੂਜੇ ਜ਼ਖ਼ਮੀ ਦੀ ਪਛਾਣ ਸ੍ਰੀ ਚੌਹਾਨ ਵਜੋਂ ਦੱਸੀ ਗਈ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡੀਸੀਪੀ ਮੋਹਿਤ ਗਰਗ ਨੇ ਦੱਸਿਆ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਮੁੰਬਈ ਪੁਲਸ ਨੇ ਜਾਂਚ ਲਈ ਲੋੜੀਂਦੀਆਂ ਟੀਮਾਂ ਦਾ ਗਠਨ ਕੀਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨੇ ਪੁਲਸ ਕਮਿਸ਼ਨਰ ਤੋਂ ਮੰਗੀ ਰਿਪੋਰਟ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਾਮਲੇ ਦੀ ਜਾਂਚ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਘਟਨਾ ਸਬੰਧੀ ਮੁੰਬਈ ਪੁਲਸ ਕਮਿਸ਼ਨਰ ਨਾਲ ਸਿੱਧੇ ਤੌਰ ਤੇ ਸੰਪਰਕ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਲਈ ਹੈ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਦੇ ਸੂਤਰਾਂ ਮੁਤਾਬਕ, ਫੜਨਵੀਸ ਨੇ ਪੁਲਸ ਕਮਿਸ਼ਨਰ ਨੂੰ ਜਾਂਚ ਜਲਦੀ ਪੂਰੀ ਕਰਨ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

ਵਾਰਿਸ ਪਠਾਨ ਨੇ ਸਰਕਾਰ ਨੂੰ ਘੇਰਿਆ

ਟਾਈਗਰ ਸ਼ਰਾਫ ਦੀ ਕਾਰ ’ਤੇ ਫਾਇਰਿੰਗ ਨੇ ਮੁੰਬਈ ਦੀ ਸੁਰੱਖਿਆ ’ਤੇ ਚੁੱਕੇ ਸਵਾਲ,

ਟਾਈਗਰ ਸ਼ਰਾਫ ਦੀ ਕਾਰ ਤੇ ਫਾਇਰਿੰਗ ਨੇ ਮੁੰਬਈ ਦੀ ਸੁਰੱਖਿਆ ਤੇ ਚੁੱਕੇ ਸਵਾਲ

ਇਸ ਮਾਮਲੇ ਵਿਚ ਏਆਈਐੱਮਆਈਐੱਮ ਆਗੂ ਵਾਰਿਸ ਪਠਾਨ ਨੇ ਮੁੰਬਈ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਵਰਾਤਰੀ ਦੌਰਾਨ ਐਤਵਾਰ ਸ਼ਾਮ ਨੂੰ ਜੁਹੂ ਵਰਗੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਗੋਲੀਆਂ ਚੱਲਣੀਆਂ ਗੰਭੀਰ ਮਾਮਲਾ ਹੈ। ਇਸ ਇਲਾਕੇ ਵਿੱਚ ਜੁਹੂ ਬੀਚ ਤੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ।

ਵਾਰਿਸ ਪਠਾਨ ਨੇ ਕਿਹਾ ਕਿ ਮੁੰਬਈ ਵਿੱਚ ਅਜਿਹੀਆਂ ਘਟਨਾਵਾਂ ਸ਼ਹਿਰ ਨੂੰ ਮੁੜ 1990 ਦੇ ਦਹਾਕੇ ਦੇ ਉਸ ਦੌਰ ਵੱਲ ਲਿਜਾਣ ਦਾ ਖ਼ਦਸ਼ਾ ਪੈਦਾ ਕਰਦੀਆਂ ਹਨ, ਜਦੋਂ ਅੰਡਰਵਰਲਡ ਦੀਆਂ ਸਰਗਰਮੀਆਂ, ਫਿਲਮੀ ਸਿਤਾਰਿਆਂ ਨੂੰ ਧਮਕੀਆਂ ਅਤੇ ਖੁੱਲ੍ਹੇਆਮ ਫਾਇਰਿੰਗ ਦੀਆਂ ਘਟਨਾਵਾਂ ਚਰਚਾ ਵਿੱਚ ਰਹਿੰਦੀਆਂ ਸਨ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਮੁੰਬਈ ਵਿੱਚ ਇਹ ਸਭ ਕੀ ਹੋ ਰਿਹਾ ਹੈ ਅਤੇ ਪੁਲਸ ਕੀ ਕਰ ਰਹੀ ਹੈ। ਉਨ੍ਹਾਂ ਇਸ ਘਟਨਾ ਨੂੰ ਕਾਨੂੰਨ ਵਿਵਸਥਾ ਦੀ ਪੂਰੀ ਨਾਕਾਮੀ ਕਰਾਰ ਦਿੰਦਿਆਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।

Leave a Comment