ਵ੍ਰਿੰਦਾਵਨ :- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿੱਚ ਇੱਕ ਗੁਰੁਕੁਲ ਦੇ ਅੰਦਰ ਵਾਪਰੇ ਦਰਦਨਾਕ ਹਾਦਸੇ ਵਿੱਚ ਚਾਰ ਬੱਚਿਆਂ ਦੀ ਮੌਤ ਦੀ ਖ਼ਬਰ ਹੈ।ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਬੁੱਧਵਾਰ ਨੂੰ ਸਾਹਮਣੇ ਆਈ। ਮੁੱਢਲੀ ਜਾਂਚ ਵਿੱਚ ਬੱਚਿਆਂ ਦੇ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਦਾ ਖਦਸ਼ਾ ਜਤਾਇਆ ਗਿਆ ਹੈ।
ਬਦਬੂ ਆਉਣ ਤੋਂ ਬਾਅਦ ਟੈਂਕੀ ਦੀ ਸਫ਼ਾਈ ਕਰਨ ਲੱਗੇ
ਘਟਨਾ ਚੈਤਨਯ ਵਿਹਾਰ ਇਲਾਕੇ ਵਿੱਚ ਸਥਿਤ ਇੱਕ ਗੁਰੁਕੁਲ ਵਿੱਚ ਵਾਪਰੀ। ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਮੁਤਾਬਕ, ਇੱਥੇ ਕਰੀਬ 200 ਬੱਚਿਆਂ ਦਾ ਪੰਜੀਕਰਨ ਦੱਸਿਆ ਗਿਆ ਹੈ, ਜਦਕਿ ਇਸ ਸਮੇਂ ਲਗਭਗ 100 ਬੱਚੇ ਕੈਂਪਸ ਵਿੱਚ ਰਹਿ ਰਹੇ ਸਨ। ਪਾਣੀ ਦੀ ਟੈਂਕੀ ਵਿੱਚੋਂ ਤੇਜ਼ ਬਦਬੂ ਆਉਣ ਦੀ ਗੱਲ ਸਾਹਮਣੇ ਆਈ। ਜਿਸ ਤੋਂ ਬਾਅਦ ਕੁਝ ਬੱਚਿਆਂ ਨੇ ਟੈਂਕੀ ਦੀ ਸਫ਼ਾਈ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਟੈਂਕੀ ਵਿੱਚੋਂ ਪਾਣੀ ਕੱਢਿਆ ਗਿਆ ਅਤੇ ਇਸ ਤੋਂ ਬਾਅਦ 5 ਬੱਚੇ ਅੰਦਰ ਉਤਰ ਗਏ। ਟੈਂਕੀ ਵਿੱਚ ਜਾਂਦੇ ਹੀ 4 ਬੱਚੇ ਬੇਹੋਸ਼ ਹੋ ਗਏ ਤੇ ਇਕ ਬਾਹਰ ਨਿਕਲਣ ‘ਚ ਸਫਲ ਰਿਹਾ, ਜੋਕਿ ਫਿਲਹਾਲ ਜੇਰੇ ਇਲਾਜ ਹੈ। ਪ੍ਰਸ਼ਾਸਨ ਵੱਲੋਂ ਸ਼ੁਰੂਆਤੀ ਤੌਰ ’ਤੇ ਜ਼ਹਿਰੀਲੀ ਗੈਸ ਕਾਰਨ ਇਹ ਹਾਦਸਾ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।
ਮੁੱਖ ਮੰਤਰੀ ਨੇ ਨੋਟਿਸ ਲਿਆ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ਮੁੱਖ ਮੰਤਰੀ ਨੇ ਵੀ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਜ਼ਖਮੀ ਬੱਚੇ ਦੇ ਢੁੱਕਵੇਂ ਇਲਾਜ ਅਤੇ ਰਾਹਤ ਕਾਰਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਨ ਨੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ।
ਮਾਨਤਾ ਨੂੰ ਲੈ ਕੇ ਵੀ ਹੋਵੇਗੀ ਜਾਂਚ
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸੰਸਥਾ ਨੂੰ ਅਧਿਕਾਰਤ ਮਾਨਤਾ ਪ੍ਰਾਪਤ ਨਾ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਗੁਰੁਕੁਲ ਕਿਹੜੀਆਂ ਹਾਲਾਤਾਂ ਵਿੱਚ ਚਲਾਇਆ ਜਾ ਰਿਹਾ ਸੀ, ਉੱਥੇ ਸੁਰੱਖਿਆ ਨਿਯਮਾਂ ਦੀ ਪਾਲਣਾ ਹੋ ਰਹੀ ਸੀ ਜਾਂ ਨਹੀਂ ਅਤੇ ਬੱਚਿਆਂ ਨੂੰ ਪਾਣੀ ਦੀ ਟੈਂਕੀ ਵਰਗੇ ਖ਼ਤਰਨਾਕ ਕੰਮ ਵਿੱਚ ਕਿਉਂ ਲਾਇਆ ਗਿਆ।